ਪੀਏਯੂ ਨੇ ਅੱਜ ਚਾਰ ਤਕਨੀਕਾਂ ਦੇ ਵਪਾਰੀਕਰਨ ਲਈ ਵੱਖ-ਵੱਖ ਫਰਮਾਂ ਨਾਲ ਸਮਝੌਤਿਆਂ ਤੇ ਸਹੀ ਪਾਈ। ਇਹਨਾਂ ਤਕਨੀਕਾਂ ਵਿੱਚ ਮਿਰਚਾਂ ਦੀ ਦੋਗਲੀ ਕਿਸਮ ਸੀ ਐਚ-27, ਮਿੱਟੀ ਰਹਿਤ ਘਰੇਲੂ ਪੌਸ਼ਕ ਬਗੀਚੀ ਮਾਡਲ, ਫਰੋਜ਼ਨ ਆਲੂ ਅਤੇ ਫਰੋਜ਼ਨ ਸਬਜ਼ੀਆਂ ਦੀ ਤਕਨੀਕ ਅਤੇ ਪੰਜਾਬ ਖੀਰਾ-1 ਪ੍ਰਮੁੱਖ ਹਨ । ਇਹਨਾਂ ਤਕਨੀਕਾਂ ਦੇ ਪਸਾਰ ਲਈ ਐਸਕੈਨ ਹਾਈਵੈਜ ਪ੍ਰਾਈਵੇਟ ਲਿਮਿਟਡ, ਗੁਰੂਗ੍ਰਾਮ, ਬਨਵੈਤ ਬ੍ਰਦਰ ਫਗਵਾੜਾ, ਪੰਜਾਬ ਐਗਰੋ ਪੌਲੀਹਾਊਸ ਸੀਡਜ਼ ਅੰਬਾਲਾ ਅਤੇ ਐਫਟੈਕ ਫੂਡਜ਼ ਮਿਲਰ ਗੰਜ ਲੁਧਿਆਣੇ ਨਾਲ ਸਮਝੌਤੇ ਕੀਤੇ ਗਏ । ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਮਝੌਤਿਆਂ ਦੇ ਦਸਤਾਵੇਜ਼ਾਂ ਉਪਰ ਦਸਤਖਤ ਕੀਤੇ ਜਦਕਿ ਇਹਨਾਂ ਫਰਮਾਂ ਵੱਲੋਂ ਡਾ. ਡੀ ਕੇ ਸ਼ਰਮਾ, ਸ੍ਰੀ ਹਰਬੰਸ ਸਿੰਘ, ਸ੍ਰੀ ਸੁਲਿੰਦਰ ਸ਼ਰਮਾ ਅਤੇ ਇੰਜ. ਪਰਮਵੀਰ ਸਿੰਘ ਨੇ ਸਮਝੌਤਿਆਂ ਉਪਰ ਸਹੀ ਪਾਈ ।
ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀਏਯੂ ਨੇ ਹੁਣ ਤੱਕ 50 ਤਕਨੀਕਾਂ ਦੇ ਵਿਕਾਸ ਲਈ 209 ਸੰਧੀਆਂ ਕੀਤੀਆਂ ਹਨ । ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਕੇ ਜੀ ਸਿੰਘ ਨੇ ਦੱਸਿਆ ਕਿ ਪੀਏਯੂ ਨੇ ਮਿੱਟੀ ਰਹਿਤ ਸਬਜ਼ੀਆਂ ਪੈਦਾ ਕਰਨ ਦਾ ਛੱਤ ਮਾਡਲ ਬਣਾ ਕੇ ਇਤਿਹਾਸਕ ਮਹੱਤਵ ਵਾਲਾ ਕਾਰਜ ਕੀਤਾ ਹੈ ਜੋ ਸ਼ਹਿਰੀ ਅਤੇ ਨੀਮ ਸ਼ਹਿਰੀ ਖੇਤਰਾਂ ਲਈ ਵਰਦਾਨ ਵਾਂਗ ਹੈ । ਪੀਏਯੂ ਦੇ ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਵੱਲੋਂ ਇਹ ਤਕਨੀਕ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਵਿਕਸਿਤ ਕੀਤੀ ਗਈ ਹੈ ਜਿਸ ਵਿੱਚ ਸਾਰਾ ਸਾਲ ਤਾਜ਼ਾ ਅਤੇ ਪੌਸ਼ਟਿਕ ਸਬਜ਼ੀਆਂ ਠੀਕ ਮਾਤਰਾ ਵਿੱਚ ਪਰਿਵਾਰ ਦੀ ਜ਼ਰੂਰਤ ਪੂਰੀ ਕਰਨ ਲਈ ਪੈਦਾ ਹੁੰਦੀਆਂ ਹਨ।
ਸਹਾਇਕ ਸਬਜ਼ੀ ਕਿਸਮ ਸੁਧਾਰਕ ਡਾ. ਸਲੇਸ਼ ਜਿੰਦਲ ਨੇ ਮਿਰਚਾਂ ਦੀ ਦੋਗਲੀ ਕਿਸਮ ਸੀ ਐਚ-27 ਦੇ ਗੁਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਧੇਰੇ ਝਾੜ ਵਾਲੀ ਇਹ ਦੋਗਲੀ ਕਿਸਮ ਪੱਤਾ ਮਰੋੜ ਰੋਗ, ਫ਼ਲਾਂ ਦੇ ਗਾਲ਼ੇ ਅਤੇ ਜੜ੍ਹਾਂ ਦੇ ਗਾਲ਼ੇ ਦਾ ਟਾਕਰਾ ਕਰਨ ਦੀ ਸਮਰੱਥਾ ਵਾਲੀ ਹੈ । ਮਿਰਚਾਂ ਦੀ ਪਿਸਾਈ ਅਤੇ ਪ੍ਰੋਸੈਸਿੰਗ ਲਈ ਇਹ ਕਿਸਮ ਬੇਹੱਦ ਢੁੱਕਵੀਂ ਹੈ।
ਇਸੇ ਤਰ੍ਹਾਂ ਪੰਜਾਬ ਖੀਰਾ-1 ਬਾਰੇ ਜਾਣਕਾਰੀ ਦਿੰਦਿਆਂ ਸਬਜ਼ੀ ਵਿਗਿਆਨ ਵਿਭਾਗ ਦੇ ਸਹਿਯੋਗੀ ਪ੍ਰੋਫੈਸਰ ਡਾ. ਆਰ ਕੇ ਢੱਲ ਨੇ ਦੱਸਿਆ ਕਿ ਇਹ ਪਹਿਲੀ ਬੀਜ ਰਹਿਤ ਕਿਸਮ ਹੈ ਜੋ ਪੀਏਯੂ ਨੇ ਪੈਦਾ ਕੀਤੀ ਹੈ ਅਤੇ ਪੌਲੀਨੈਟ ਹਾਊਸ ਕਾਸ਼ਤ ਲਈ ਬੇਹੱਦ ਢੁੱਕਵੀਂ ਹੈ । ਇਸਦਾ ਔਸਤ ਝਾੜ 304 ਕੁਇੰਟਲ ਪ੍ਰਤੀ ਏਕੜ ਤੋਂ ਲੈ ਕੇ 370 ਕੁਇੰਟਲ ਪ੍ਰਤੀ ਏਕੜ ਤੱਕ ਮਿਲਦਾ ਹੈ ।
ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਅਤੇ ਡਾ. ਸੁਖਪ੍ਰੀਤ ਕੌਰ ਨੇ ਫਰੋਜ਼ਨ ਆਲੂ ਅਤੇ ਫਰੋਜ਼ਨ ਸਬਜ਼ੀਆਂ ਬਾਰੇ ਦੱਸਿਆ ਕਿ ਇਸ ਤਕਨੀਕ ਨਾਲ ਸਬਜ਼ੀਆਂ ਲਗਭਗ ਤਾਜ਼ਾ ਰਹਿੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਬੇਮੌਸਮੀ ਸਮੇਂ ਦੌਰਾਨ ਵੀ ਕੀਤੀ ਜਾ ਸਕਦੀ ਹੈ । ਉਹਨਾਂ ਇਹ ਵੀ ਦੱਸਿਆ ਕਿ ਫਰੋਜ਼ਨ ਸਬਜ਼ੀਆਂ ਨੂੰ ਕਿਸੇ ਹੋਰ ਪ੍ਰੋਸੈਸਿੰਗ ਦੀ ਲੋੜ ਨਹੀਂ।
ਇਸ ਮੌਕੇ ਡਾ. ਜੀ ਐਸ ਮਨੇਸ, ਡਾ. ਅਜਮੇਰ ਸਿੰਘ ਢੱਟ ਅਤੇ ਡਾ. ਅੰਗਰੇਜ਼ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ । |