Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ ਏ ਪੀ ਸਿਨਹਾ ਨੇ ਸਰਫੇਸ ਸੀਡਰ ਤਕਨੀਕ ਦੀ ਸਫਲਤਾ ਤੇ ਖੁਸ਼ੀ ਪ੍ਰਗਟਾਈ
15-04-2024 Read in English

ਵਿਸਾਖੀ ਦੀ ਪੂਰਬਲੀ ਸ਼ਾਮ ਨੂੰ ਇੱਕ ਮਹੱਤਵਪੂਰਨ ਖੇਤੀਬਾੜੀ ਸਮਾਰੋਹ ਦੌਰਾਨ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ ਸਿਨਹਾ (ਆਈ.ਏ.ਐਸ.) ਨੇ ਸਮਰਾਲਾ ਬਲਾਕ ਦੇ ਪਿੰਡ ਬੌਂਦਲੀ ਅਤੇ ਪਪੜੌਦੀ ਦਾ ਅਹਿਮ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਸਰਫੇਸ ਸੀਡਰ ਮਸ਼ੀਨ ਦੀ ਵਰਤੋਂ ਕਰਕੇ ਬੀਜੀ ਗਈ ਕਣਕ ਦੀ ਫਸਲ ਦੀ ਕਾਰਗੁਜ਼ਾਰੀ ਨੂੰ ਵੇਖਣਾ ਸੀ। ਯਾਦ ਰਹੇ ਕਿ ਸਰਫੇਸ ਸੀਡਰ ਕਣਕ ਦੀ ਬਿਜਾਈ ਦੀ ਨਵੀਂ ਤਕਨੀਕ ਹੈ ਜੋ ਖੇਤਰ ਵਿੱਚ ਘੱਟ ਖਰਚੇ ਤੇ ਪਰਾਲੀ ਦੀ ਸੰਭਾਲ ਪੱਖੋਂ ਧਿਆਨ ਖਿੱਚ ਰਹੀ ਹੈ।

ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਦੀ ਅਗਵਾਈ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਮੁੱਖ ਸਕੱਤਰ ਦਾ ਸਵਾਗਤ ਕੀਤਾ। ਸ਼੍ਰੀ ਕੇ.ਏ.ਪੀ. ਸਿਨਹਾ ਨੇ ਫਸਲਾਂ ਦਾ ਨੀਝ ਨਾਲ ਨਿਰੀਖਣ ਕੀਤਾ। ਉਨ੍ਹਾਂ ਸ. ਦਿਲਬਾਗ ਸਿੰਘ, ਸ. ਪਰਮਿੰਦਰ ਸਿੰਘ, ਅਤੇ ਸ: ਹਰਿੰਦਰ ਸਿੰਘ ਸਮੇਤ ਸਥਾਨਕ ਕਿਸਾਨਾਂ ਨਾਲ ਗਹਿਰੀ ਵਿਚਾਰ ਚਰਚਾ ਕੀਤੀ ਅਤੇ ਕਣਕ ਦੀ ਇਸ ਵਿਧੀ ਰਾਹੀਂ ਬਿਜਾਈ ਉੱਪਰ ਖੁਸ਼ੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਨੇ ਫਸਲ ਦੀ ਮਜ਼ਬੂਤ ਬਣਤਰ, ਤੇਲੇ ਅਤੇ ਪੀਲੀ ਕੁੰਗੀ ਤੋਂ ਬਚਾਅ ਦੇ ਨਾਲ ਨਾਲ ਭਰਪੂਰ ਫ਼ਸਲ ਵੇਖ ਕੇ ਆਪਣੀ ਪ੍ਰਸੰਨਤਾ ਜ਼ਾਹਿਰ ਕੀਤੀ। ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਇਕਸਾਰ, ਭਰਪੂਰ ਅਤੇ ਦਿਲਖਿੱਚਵੀਂ ਸੀ। ਇਹ ਫ਼ਸਲ ਔਖੇ ਮੌਸਮੀ ਹਲਾਤ ਵਿਚ ਵੀ ਖੜ੍ਹੀ ਰਹੀ ਹੈ।

ਆਪਣੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸ. ਕੇ.ਏ.ਪੀ. ਸਿਨਹਾ ਨੇ ਅਜਿਹੀਆਂ ਘੱਟ ਲਾਗਤ ਵਾਲੀਆਂ ਤਕਨੀਕਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਮੁੱਖ ਖੇਤੀਬਾੜੀ ਅਧਿਕਾਰੀਆਂ ਅਤੇ ਉਨ੍ਹਾਂ ਦੀਆਂ ਟੀਮਾਂ ਨੂੰ ਕਿਸਾਨਾਂ ਵਿੱਚ ਇਸ ਵਿਧੀ ਨੂੰ ਹਰਮਨ ਪਿਆਰਾ ਬਣਾਉਣ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਅਜਿਹੇ ਦੌਰੇ ਕਰਨ ਦੀ ਅਪੀਲ ਕੀਤੀ। ਵਿਚਾਰ-ਵਟਾਂਦਰੇ ਦੌਰਾਨ, ਕਿਸਾਨਾਂ ਨੇ ਸਰਫੇਸ ਸੀਡਰ ਬਾਰੇ ਭਰੋਸਾ ਪ੍ਰਗਟ ਕਰਦੇ ਹੋਏ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਨਾਲ ਉਹ ਪ੍ਰਤੀ ਏਕੜ ਸਿਰਫ 3 ਤੋਂ 4 ਲੀਟਰ ਡੀਜ਼ਲ ਦੀ ਵਰਤੋਂ ਕਰਕੇ 10 ਏਕੜ ਪ੍ਰਤੀ ਦਿਨ ਬਿਜਾਈ ਕਰ ਸਕਦੇ ਹਨ। ਉਨ੍ਹਾਂ ਨੇ ਯੂਰੀਆ ਅਤੇ ਨਦੀਨ ਨਾਸ਼ਕਾਂ ਦੀ ਘੱਟ ਲੋੜ ਬਾਰੇ ਦੱਸਿਆ ਜਿਸ ਨਾਲ ਤਕਨੀਕ ਦੀ ਸਮਰੱਥਾ ਹੋਰ ਵੀ ਉੱਭਰ ਕੇ ਸਾਹਮਣੇ ਆਈ ਹੈ।

ਸ਼੍ਰੀ ਸਿਨਹਾ ਦੇ ਇਸ ਦੌਰੇ ਦੀ ਸ਼ਲਾਘਾ ਕਰਦੇ ਹੋਏ, ਡਾ. ਸਤਿਬੀਰ ਸਿੰਘ ਗੋਸਲ ਨੇ ਸਰਫੇਸ ਸੀਡਰ ਨੂੰ ਵਿਆਪਕ ਤੌਰ 'ਤੇ ਅਪਣਾਏ ਜਾਣ ਲਈ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸਦੇ ਲਾਭਾਂ ਨੂੰ ਪਿੰਡ ਪਿੰਡ ਫੈਲਾਉਣ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਰਹਿੰਦ-ਖੂੰਹਦ ਨੂੰ ਸੰਭਾਲਣ ਵਿਚ ਸਰਫੇਸ ਸੀਡਰ ਦੇ ਮਹੱਤਵ ਬਾਰੇ ਗੱਲ ਕਰਦਿਆਂ ਡਾ ਗੋਸਲ ਨੇ ਕਿਹਾ ਕਿ ਇਸ ਤਕਨੀਕ ਰਾਹੀਂ ਨੂੰ ਸਿੰਚਾਈ ਦੇ ਪਾਣੀ ਦੀ ਬੱਚਤ ਤੋਂ ਇਲਾਵਾ ਨਦੀਨਾਂ ਉੱਪਰ ਘੱਟ ਖਰਚਾ ਹੁੰਦਾ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਇਸ ਤਕਨੀਕ ਦੀ ਵਰਤੋਂ ਭਵਿੱਖ ਵਿਚ ਵਾਤਾਵਰਨ ਪੱਖੀ ਖੇਤੀ ਦਾ ਗੜ੍ਹ ਸਾਬਿਤ ਹੋਵੇਗੀ।

ਡਾ. ਗੋਸਲ ਨੇ ਖੇਤਰ ਦੇ ਕਿਸਾਨਾਂ ਨੂੰ ਇਸ ਵਾਤਾਵਰਨ ਅਨੁਕੂਲ ਅਤੇ ਲਾਗਤ-ਪ੍ਰਭਾਵਸ਼ਾਲੀ ਵਿਧੀ ਨੂੰ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਮਿੱਟੀ ਦੀ ਸਿਹਤ ਨੂੰ ਮਜ਼ਬੂਤ ​​ਕਰਨ, ਕਾਰਬਨ ਦੀ ਮਾਤਰਾ ਵਧਾਉਣ ਅਤੇ ਪੈਦਾਵਾਰ ਨੂੰ ਵਧਾਉਣ ਦੀ ਸਮਰੱਥਾ ਦਾ ਹਵਾਲਾ ਦਿੰਦਿਆਂ ਇਸ ਤਕਨੀਕ ਨੂੰ ਭਵਿੱਖ ਵੱਲ ਜਾਂਦਾ ਰਾਹ ਕਿਹਾ। ਇਸ ਤਕਨੀਕ ਨਾਲ ਪਰਾਲੀ ਦੀ ਸੁਚੱਜੀ ਸੰਭਾਲ ਤੋਂ ਇਲਾਵ ਝੋਨੇ ਦੀ ਵਾਢੀ ਅਤੇ ਕਣਕ ਦੀ ਬਿਜਾਈ ਵਿਚਕਾਰ ਢੁਕਵਾਂ ਸਮਾਂ ਸਥਾਪਿਤ ਕਰਦੀ ਹੈ। ਉਨ੍ਹਾਂ ਨੇ ਇਸਨੂੰ ਲਾਗੂ ਕਰਨ ਦੀ ਸੌਖ ਅਤੇ ਲਾਗਤ-ਪ੍ਰਭਾਵਸ਼ਾਲੀ ਪਹੁੰਚ ਦੀ ਸ਼ਲਾਘਾ ਕੀਤੀ, ਰਵਾਇਤੀ ਤਰੀਕਿਆਂ ਦੀ ਤੁਲਨਾ ਵਿੱਚ ਘੱਟ ਬਿਜਾਈ ਲਾਗਤਾਂ, ਜਿਸ ਵਿੱਚ ਪਰਾਲੀ ਸਾੜਨ ਤੋਂ ਬਾਅਦ, ਇੱਕ ਟਿਕਾਊ ਖੇਤੀ ਚੱਕਰ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ, ਦੀ ਸ਼ਲਾਘਾ ਕੀਤੀ।

ਇਸ ਤੋਂ ਪਹਿਲਾਂ ਪੀਏਯੂ ਦੇ ਖੋਜ ਨਿਰਦੇਸ਼ਕ ਡਾ: ਅਜਮੇਰ ਸਿੰਘ ਢੱਟ ਨੇ ਸਰਫੇਸ ਸੀਡਰ ਤਕਨੀਕ ਬਾਰੇ ਕੇਏਪੀ ਸਿਨਹਾ ਨੂੰ ਸਪੱਸ਼ਟਤਾ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਇਸ ਵਿਧੀ ਲਈ ਕਿਸੇ ਮਹਿੰਗੀ ਮਸ਼ੀਨਰੀ ਜਾਂ ਉੱਚ ਸ਼ਕਤੀ ਵਾਲੇ ਟਰੈਕਟਰਾਂ ਦੀ ਲੋੜ ਨਹੀਂ ਹੈ। ਇਹ ਪਹੁੰਚ ਨਾ ਸਿਰਫ ਪਾਣੀ ਦੀ ਬਚਤ ਕਰਦੀ ਹੈ ਅਤੇ ਫਸਲਾਂ ਨੂੰ ਗਰਮੀ ਦੇ ਤਣਾਅ ਤੋਂ ਬਚਾਉਂਦੀ ਹੈ, ਸਗੋਂ ਝੋਨੇ ਦੀ ਪਰਾਲੀ ਸਾੜਨ ਦੇ ਨੁਕਸਾਨਦੇਹ ਰੁਝਾਨ ਨੂੰ ਵੀ ਖਤਮ ਕਰਦੀ ਹੈ, ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਦੀ ਹੈ। ਡਾ. ਢੱਟ ਨੇ ਭਰੋਸਾ ਦਿਵਾਇਆ ਕਿ ਪੀਏਯੂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਮਸ਼ੀਨ ਨੂੰ ਅਪਣਾਉਣ ਵਾਲੇ 200 ਤੋਂ ਵੱਧ ਕਿਸਾਨਾਂ ਦੀ ਸੂਚੀ ਪੇਸ਼ ਕਰੇਗੀ, ਜੋ ਕਿ ਤਕਨੀਕ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਵਿੱਚ ਖੇਤ ਦੌਰਿਆਂ ਅਤੇ ਸੈਮੀਨਾਰਾਂ ਰਾਹੀਂ ਹੋਰ ਕਿਸਾਨਾਂ ਨੂੰ ਸਿੱਖਿਅਤ ਕਰਨਗੇ।

ਖੇਤੀ ਵਿਗਿਆਨ ਵਿਭਾਗ ਦੇ ਮੁਖੀ ਡਾ: ਹਰੀ ਰਾਮ ਨੇ ਸਰਫੇਸ ਸੀਡਰ ਨੂੰ ਅਪਣਾਉਣ ਵਾਲਿਆਂ ਦੀ ਜਾਣ-ਪਛਾਣ ਕਰਵਾਈ, ਜਦਕਿ ਕੇ.ਵੀ.ਕੇ ਸਮਰਾਲਾ ਤੋਂ ਡਾ: ਹਰਸ਼ਨੀਤ ਸਿੰਘ ਨੇ ਪੀਏਯੂ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਸਹਾਇਤਾ ਅਤੇ ਮਾਰਗਦਰਸ਼ਨ ਦੇਣ ਦਾ ਪ੍ਰਣ ਦੁਹਰਾਇਆ।

Technology Marketing
and IPR Cell
  © Punjab Agricultural University Disclaimer | Privacy Policy | Contact Us