Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀ ਏ ਯੂ ਵਿਚ ਜਾਰੀ ਰਾਸ਼ਟਰੀ ਯੁਵਕ ਮੇਲੇ ਵਿਚ ਅੱਜ ਕਲਾਸੀਕਲ ਨਾਚਾਂ ਨੇ ਰੰਗ ਬੰਨ੍ਹਿਆ
29-03-2024 Read in English

ਪੀ ਏ ਯੂ ਵਿਚ ਜਾਰੀ 37 ਵੇ ਰਾਸ਼ਟਰੀ ਯੁਵਕ ਮੇਲੇ ਦੇ ਦੂਸਰੇ ਦਿਨ ਅੱਜ ਇਕਾਂਗੀ ਨਾਟਕ, ਕਲਾਸੀਕਲ ਨਾਚ, ਸਮੂਹ ਗਾਣ (ਭਾਰਤੀ), ਕਲਾਸੀਕਲ ਸਾਜ਼ ਵਾਦਨ ਅਤੇ ਕਲਾਤਮਕ ਵੰਨਗੀਆਂ ਵਿਚ ਕੋਲਾਜ ਬਣਾਉਣ, ਪੋਸਟਰ ਬਣਾਉਣ, ਮਿੱਟੀ ਦੀ ਮਾਡਲਿੰਗ ਅਤੇ ਕੁਇਜ਼ ਦੇ ਮੁਕਾਬਲੇ ਵੱਖ ਵੱਖ ਥਾਵਾਂ ਤੇ ਹੋਏ। ਅੱਜ ਦੇ ਮੁਕਾਬਲਿਆਂ ਲਈ ਹੋਏ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਮਿਲਕਫ਼ੈਡ ਦੇ ਨਿਰਦੇਸ਼ਕ ਅਤੇ ਪੀ ਏ ਯੂ ਦੇ ਸਾਬਕਾ ਵਿਦਿਆਰਥੀ ਸ਼੍ਰੀ ਕਮਲ ਕੁਮਾਰ ਗਰਗ, ਆਈ ਏ ਐੱਸ ,ਸਨ। ਅੱਜ ਦੇ ਮੁਕਾਬਲਿਆਂ ਦਾ ਉਦਘਾਟਨ ਪੰਜਾਬ ਨਾਟ ਕਲਾ ਅਕਾਦਮੀ ਦੇ ਚੇਅਰਮੈਨ ਅਤੇ ਪ੍ਰਸਿੱਧ ਪੰਜਾਬੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਸਨ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਨ੍ਹਾਂ ਮੁਕਾਬਲਿਆਂ ਦੀ ਪ੍ਰਧਾਨਗੀ ਕੀਤੀ।

ਸ਼੍ਰੀ ਕਮਲ ਕੁਮਾਰ ਗਰਗ ਆਈ ਏ ਐੱਸ ਨੇ ਇਸ ਮੌਕੇ ਬੋਲਦਿਆਂ ਪੀ ਏ ਯੂ ਵਿਚ ਗੁਜ਼ਰੇ ਸਮੇਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਹਮੇਸ਼ਾ ਪ੍ਰਤਿਭਾ ਦਾ ਸਹੀ ਮੁਲਾਂਕਣ ਕਰਨ ਅਤੇ ਹੁਨਰ ਦੀ ਕਦਰ ਕਰਨ ਵਿਚ ਭਰੋਸਾ ਰੱਖਦੀ ਹੈ। ਸ਼੍ਰੀ ਗਰਗ ਨੇ ਆਪਣੀ ਨਿੱਜੀ ਕਾਮਯਾਬੀ ਵਿਚ ਵੀ ਇਸ ਸੰਸਥਾ ਦੇ ਸੰਸਕਾਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਜਿੱਤ ਹਾਰ ਦੇ ਸੌੜੇ ਭਾਵਾਂ ਤੋਂ ਉਪਰ ਉੱਠ ਕੇ ਮਿੱਤਰਤਾ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਮਹਾਂ ਮੁਕਾਬਲੇ ਦਾ ਆਯੋਜਨ ਬੜੇ ਮਾਣ ਵਾਲੀ ਗੱਲ ਹੈ ਤੇ ਇਸ ਨਾਲ ਪੰਜਾਬ ਦੇ ਕਲਾ ਜਗਤ ਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ।

ਸ਼੍ਰੀ ਕੇਵਲ ਧਾਲੀਵਾਲ ਨੇ ਇਸ ਉਤਸਵ ਦਾ ਹਿੱਸਾ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੇਸ਼ ਭਰ ਦੇ ਹੁਨਰ ਨੂੰ ਇੱਕੋ ਮੰਚ ਤੇ ਵੇਖਣ ਨੂੰ ਦੁਰਲੱਭ ਤਜਰਬਾ ਕਿਹਾ। ਉਨ੍ਹਾਂ ਕਿਹਾ ਕਿ ਉਹ ਪੀ ਏ ਯੂ ਦੀ ਮੇਜ਼ਬਾਨੀ ਵਿਚ ਹੋ ਰਹੇ ਇਸ ਸਮਾਗਮ ਨੂੰ ਕਲਾ ਲਈ ਸ਼ੁਭ ਸ਼ਗਨ ਮੰਨਦੇ ਹਨ। ਇਸ ਨਾਲ ਕਲਾਕਾਰਾਂ ਨੂੰ ਆਪਣੀ ਕਲਾ ਦੇ ਵਟਾਂਦਰੇ ਲਈ ਇਕ ਮਾਹੌਲ ਮਿਲੇਗਾ ਅਤੇ ਸਮਾਜ ਵਿਚ ਆਪਸੀ ਸਦਭਾਵ ਤੇ ਪਿਆਰ ਦੇ ਭਾਵ ਸੰਚਾਰਿਤ ਹੋਣਗੇ।

ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਅੱਜ ਦੇ ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਤੌਰ ਤੇ ਭਾਰਤ ਦੀ ਲੋਕ ਸੰਗੀਤ ਵਿਰਾਸਤ ਦੇ ਪ੍ਰਦਰਸ਼ਨ ਲਈ ਇਨ੍ਹਾਂ ਕਲਾਕਾਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਅਮੀਰ ਪ੍ਰੰਪਰਾ ਦੇ ਦੂਤ ਬਣ ਕੇ ਪੰਜਾਬ ਵਿੱਚ ਆਏ ਇਨ੍ਹਾਂ ਹੁਨਰਮੰਦ ਕਲਾਕਾਰਾਂ ਨੇ ਸਾਨੂੰ ਦੇਸ਼ ਦੇ ਅਨੇਕ ਰੰਗਾਂ ਤੋਂ ਜਾਣੂ ਕਰਾਇਆ ਹੈ। ਇਸੇ ਤਰ੍ਹਾਂ ਮਹਿਮਾਨ ਕਲਾਕਾਰਾਂ ਨੇ ਪੰਜਾਬ ਦੀ ਪਰੰਪਰਾ ਨੂੰ ਜਾਣਿਆ ਹੈ। ਦੇਸ਼ ਦੀ ਸਮਾਜਕ ਏਕਤਾ ਲਈ ਇਹ ਆਯੋਜਨ ਬੇਹੱਦ ਅਹਿਮ ਹੈ ਤੇ ਖੁਸ਼ੀ ਹੈ ਕਿ ਇਹ ਪੀ ਏ ਯੂ ਵਿਚ ਹੋ ਰਿਹਾ ਹੈ।

ਅੱਜ ਦੇ ਸਮਾਰੋਹ ਵਿਚ ਸਵਾਗਤੀ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕਹੇ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ਤੇ ਵੱਖ ਵੱਖ ਸੂਬਿਆਂ ਦੇ ਕਲਾਕਾਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਜਾਣਿਆ ਹੈ ਕਿ ਇਹ ਵਿਦਿਆਰਥੀ ਕਿੰਨਾ ਕੁਝ ਸਿੱਖ ਰਹੇ ਤੇ ਆਨੰਦ ਮਾਣ ਰਹੇ ਹਨ। ਉਨ੍ਹਾਂ ਆਉਣ ਵਾਲੇ ਦਿਨਾਂ ਵਿਚ ਮੁਕਾਬਲਿਆਂ ਦੇ ਹੋਰ ਰੌਚਕ ਹੋਣ ਦੀ ਆਸ ਵੀ ਪ੍ਰਗਟ ਕੀਤੀ।

ਅੰਤ ਵਿੱਚ ਧੰਨਵਾਦ ਦੇ ਸ਼ਬਦ ਪੀ ਏ ਯੂ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਨੇ ਕਹੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ ਰੁਪਿੰਦਰਪਾਲ ਸਿੰਘ, ਲੁਧਿਆਣਾ ਦੀਆਂ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਪੀ ਏ ਯੂ ਦੇ ਉੱਚ ਅਧਿਕਾਰੀ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਦਾ ਆਨੰਦ ਮਾਣਿਆ।

ਕੱਲ੍ਹ ਇਨ੍ਹਾਂ ਮੁਕਾਬਲਿਆਂ ਦੇ ਤੀਜੇ ਦਿਨ ਓਪਨ ਏਅਰ ਥੀਏਟਰ ਵਿਚ ਇਕਾਂਗੀ ਨਾਟਕ, ਮਨਮੋਹਨ ਸਿੰਘ ਆਡੀਟੋਰੀਅਮ ਵਿਚ ਲੋਕ ਆਰਕੈਸਟਰਾਂ, ਵਹੀਟ ਆਡੀਟੋਰੀਅਮ ਵਿਚ ਕਲਾਸੀਕਲ ਸੋਲੋ ਗਾਇਨ, ਪਾਲ ਆਡੀਟੋਰੀਅਮ ਵਿਚ ਪੱਛਮੀ ਸੋਲੋ ਗਾਇਨ ਅਤੇ ਡਾ ਡੀ ਐੱਸ ਦੇਵ ਇਮਤਿਹਾਨ ਹਾਲ ਵਿਚ ਕਰਟੂਨਿੰਗ, ਮਹਿੰਦੀ, ਰੰਗੋਲੀ ਆਦਿ ਮੁਕਾਬਲੇ ਹੋਣਗੇ।

Technology Marketing
and IPR Cell
  © Punjab Agricultural University Disclaimer | Privacy Policy | Contact Us