Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਵਪਾਰੀਕਰਨ ਲਈ ਪੀਏਯੂ ਨੇ ਕੀਤੀ ਸੰਧੀ
08-03-2019 Read in English

ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਖੇਤੀ ਤਕਨੀਕਾਂ ਦੇ ਨਿਰੰਤਰ ਪਸਾਰ ਅਤੇ ਵਪਾਰੀਕਰਨ ਲਈ ਯਤਨਸ਼ੀਲ ਹੈ । ਇਸੇ ਸਿਲਸਿਲੇ ਵਿੱਚ ਯੂਨੀਵਰਸਿਟੀ ਨੇ ਅੱਜ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸੰਧੀ ਕੀਤੀ । ਇਹ ਸੰਧੀ ਐਮ ਆਰ ਐਂਟਰਪ੍ਰਾਈਜ਼ਜ਼ 1973, ਚੌਥੀ ਕਰਾਸ ਸੁਭਾਸ਼ ਨਗਰ, ਮੰਡਿਆ, 571401 (ਕਰਨਾਟਕਾ) ਨਾਲ ਕੀਤੀ ਗਈ । ਇਸ ਸੰਧੀ ਉਪਰ ਪੀਏਯੂ ਵੱਲੋਂ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਸੰਬੰਧਿਤ ਫਰਮ ਵੱਲੋਂ ਸ੍ਰੀ ਸੀ ਬੈਟੇਗੋਵੜਾ ਨੇ ਸਮਝੌਤੇ ਦੀਆਂ ਸ਼ਰਤਾਂ ਉਪਰ ਸਹੀ ਪਾਈ । 

ਇਸ ਸੰਧੀ ਮੁਤਾਬਕ ਯੂਨੀਵਰਸਿਟੀ ਨੇ ਇਨਾ ਫਰਮਾਂ ਨੂੰ ਇਹ ਅਧਿਕਾਰ ਪ੍ਰਦਾਨ ਕੀਤੇ ਹਨ ਕਿ ਉਹ ਪੀਏਯੂ ਵੱਲੋਂ ਵਿਕਸਿਤ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਨੂੰ ਭਾਰਤ ਵਿੱਚ ਪਸਾਰਨ ਹਿਤ ਵਰਤੋਂ ਕਰ ਸਕਦੀਆਂ ਹਨ । ਇਸ ਮੌਕੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਭੋਜਨ ਵਿਗਿਆਨ ਅਤੇ ਤਕਨੀਕ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਅਤੇ ਇੰਜਨੀਅਰ ਕਰਨਬੀਰ ਗਿੱਲ ਨੂੰ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਵਿਕਸਿਤ ਕਰਨ ਲਈ ਵਧਾਈ ਦਿੱਤੀ । ਡਾ. ਬੈਂਸ ਨੇ ਇਸ ਤਕਨੀਕ ਬਾਰੇ ਬੋਲਦਿਆਂ ਕਿਹਾ ਕਿ ਗੰਨੇ ਦੇ ਰਸ ਨੂੰ ਬੋਤਲ ਵਿੱਚ ਭਰਨ ਦੀ ਪੀਏਯੂ ਵੱਲੋਂ ਵਿਕਸਿਤ ਤਕਨੀਕ ਬਿਲਕੁਲ ਕੁਦਰਤੀ ਅਤੇ ਸਿਹਤਮੰਦ ਹੈ । ਬੋਤਲਾਂ ਵਿੱਚ ਬੰਦ ਗੰਨੇ ਦਾ ਰਸ ਪੂਰੀ ਤਰਾਂ ਸੁਰੱਖਿਅਤ ਅਤੇ ਸੜਕ ਕਿਨਾਰੇ ਵਿਕਦੇ ਰਸ ਦੇ ਮੁਕਾਬਲੇ ਕਿਤੇ ਜ਼ਿਆਦਾ ਸਿਹਤਮੰਦ ਹੈ।

ਤਕਨਾਲੋਜੀ ਮਾਰਕੀਟਿੰਗ ਐਂਡ ਆਈਪੀਆਰ ਸੈਲ ਦੇ ਅੰਡਜੰਕਟ ਪ੍ਰੋਫੈਸਰ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਹੁਣ ਤੱਕ ਗੰਨੇ ਦੇ ਰਸ ਨੂੰ ਬੋਤਲਬੰਦ ਕਰਨ ਦੀ ਤਕਨੀਕ ਦੇ ਤਿੰਨ ਸਮਝੌਤੇ ਦੇਸ਼ ਦੀਆਂ ਵੱਖ-ਵੱਖ ਫਰਮਾਂ ਨਾਲ ਕੀਤੇ ਜਾ ਚੁੱਕੇ ਹਨ । ਉਹਨਾਂ ਇਹ ਵੀ ਦੱਸਿਆ ਕਿ ਪੀਏਯੂ ਨੇ ਹੁਣ ਤੱਕ 47 ਤਕਨੀਕਾਂ ਦੇ ਵਪਾਰੀਕਰਨ ਲਈ 203 ਸੰਧੀਆਂ ਕੀਤੀਆਂ ਹਨ । ਇਹਨਾਂ ਵਿੱਚੋਂ ਪੀਏਯੂ ਸੁਪਰ ਐਸਐਮਐਸ ਤਕਨੀਕ ਦੇ ਪ੍ਰਸਾਰ ਲਈ 111 ਫਰਮਾਂ ਨਾਲ ਸਮਝੌਤੇ ਕੀਤੇ ਗਏ ਹਨ । ਇਸ ਤੋਂ ਬਿਨਾਂ ਸਰੋਂ ਦੀ ਹਾਈਬ੍ਰਿਡ ਲਾਈਨ, ਮਿਰਚਾਂ, ਬੈਂਗਣ ਦੀਆਂ ਕਿਸਮਾਂ ਤੋਂ ਬਿਨਾਂ ਜੈਵਿਕ ਖਾਦਾਂ, ਪੱਤਾ ਰੰਗ ਚਾਰਟ, ਪਾਣੀ ਪਰਖ ਕਿੱਟ, ਪੀਏਯੂ ਹੈਪੀਸੀਡਰ ਤਕਨੀਕ, ਗੰਨੇ ਦੇ ਰਸ ਦੀ ਪੈਕਿੰਗ ਤਕਨੀਕ, ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਟਰ-ਕਮ-ਮਲਚਰ ਅਤੇ ਹੋਰ ਕਈ ਤਕਨੀਕਾਂ ਦੇ ਵਪਾਰੀਕਰਨ ਲਈ ਵੀ ਸਮੇਂ ਸਮੇਂ ਸੰਧੀਆਂ ਹੋਈਆਂ ਹਨ । 

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਨੇ ਇਸ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਗੰਨੇ ਦੇ ਰਸ ਨੂੰ ਦੇਰੀ ਤੱਕ ਰੱਖਣ ਲਈ ਅਤੇ ਸੂਖਮ ਜੀਵਾਂ ਤੋਂ ਬਚਾਅ ਲਈ ਖਾਸ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ । ਇਸ ਲਈ ਸੜਕਾਂ ਕਿਨਾਰੇ ਰੇਹੜੀਆਂ ਦੇ ਮੁਕਾਬਲੇ ਇਸ ਤਕਨੀਕ ਨਾਲ ਸੰਭਾਲਿਆ ਰਸ ਸਿਹਤਮੰਦ ਹੁੰਦਾ ਹੈ ।

Technology Marketing
and IPR Cell
  © Punjab Agricultural University Disclaimer | Privacy Policy | Contact Us