Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਬੱਲੋਵਾਲ ਸੌਂਖੜੀ ਦੇ ਕਿਸਾਨ ਮੇਲੇ ਵਿੱਚ ਖੇਤੀ ਪ੍ਰੋਸੈਸਿੰਗ ਦੇ ਰਾਹ ਤੁਰਨ ਦਾ ਸੱਦਾ; ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਕੁਲਵੰਤ ਸਿੰਘ ਆਹਲੂਵਾਲੀਆ ਨੇ ਕੀਤਾ ਉਦਘਾਟਨ
06-03-2019 Read in English

ਸਾਊਣੀ ਦੀਆਂ ਫਸਲਾਂ ਦੇ ਬੀਜਾਂ, ਬੂਟਿਆਂ, ਖੇਤੀ ਸਾਹਿਤ ਅਤੇ ਪ੍ਰਦਰਸ਼ਨੀਆਂ ਲਈ ਕਿਸਾਨਾਂ ਦਾ ਉਤਸ਼ਾਹ

ਅੱਜ ਬੱਲੋਵਾਲ ਸੌਂਖੜੀਂ ਦੇ ਖੇਤਰੀ ਖੋਜ ਕੇਂਦਰ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਨੇੜੇ ਦੇ ਇਲਾਕਿਆਂ ਤੋਂ ਕਿਸਾਨ ਸ਼ਾਮਲ ਹੋਏ ਅਤੇ ਇੱਥੇ ਲਗਾਏ ਗਏ ਖੇਤੀ ਨਾਲ ਸਬੰਧਤ ਸਾਜ-ਸਮੱਗਰੀ ਦੀਆਂ 84 ਤੋਂ ਵੱਧ ਸਟਾਲਾਂ ਅਤੇ ਪ੍ਰਦਰਸ਼ਨੀਆ ਵਿੱਚ ਦਿਲਚਸਪੀ ਲਈੱ । ਪੀ.ਏ.ਯੂ. ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਅਗਾਂਹਵਧੂ ਬਾਗਵਾਨ ਸ. ਕੁਲਵੰਤ ਸਿੰਘ ਆਹਲੂਵਾਲੀਆ ਨੇ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਇਸ ਇਲਾਕੇ ਦੇ ਕਿਸਾਨਾਂ ਦੀ ਸਿਫਤ ਕੀਤੀ ਅਤੇ ਕਿਹਾ ਕਿ ਆਪਣੀਆਂ ਵਿਕਾਸਮੁਖੀ ਰੂਚੀਆਂ ਸਦਕਾ ਹੀ ਉਹ ਇਸ ਖੇਤਰ ਦੇ ਖੋਜ ਕੇਂਦਰ ਨਾਲ ਜੁੜੇ ਹੋਏ ਹਨ ਅਤੇ ਖੇਤੀ ਦੀ ਬਿਹਤਰੀ ਲਈ ਲਗਾਤਾਰ ਅਗਵਾਈ ਲਈ ਤੱਤਪਰ ਰਹਿੰਦੇ ਹਨ । ਸ. ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਬਹੁਤ ਮਿਹਨਤੀ ਹਨ ਅਤੇ ਫਸਲਾਂ ਦੇ ਝਾੜ ਵੀ ਘੱਟ ਨਹੀਂ ਪਰ ਕਿਸਾਨ ਦਾ ਮੁਨਾਫਾ ਹਾਲੇ ਵੀ ਘੱਟ ਹੈ । ਖੇਤੀ ਲਾਗਤਾਂ ਮਹਿੰਗਾਈ ਕੰਟਰੋਲ ਕਰਨ ਦੇ ਢੰਗਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਾਲੇ ਸਰਕਾਰ ਨੂੰ ਮਾਰਕੀਟਿੰਗ ਖੇਤਰ ਅਤੇ ਭੋਜਨ ਪ੍ਰੋਸੈਸਿੰਗ ਵਿੱਚ ਹੋਰ ਧਿਆਨ ਦੇਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਕਿਸਾਨ ਨਵੀਆਂ ਤਕਨੀਕਾਂ ਵਰਤ ਕੇ ਜਿੱਥੇ ਸਪਰੇਆਂ ਅਤੇ ਖਾਦਾਂ ਦਾ ਖਰਚਾ ਘਟਾ ਸਕਦੇ ਹਨ ਉੱਥੇ ਕੀਟਾਂ ਅਤੇ ਨਦੀਨਾਂ ਨਾਲ ਨਜਿੱਠਣ ਲਈ ਵੀ ਸੰਯੁਕਤ ਪ੍ਰਬੰਧ ਕਰਨ ਦੀ ਲੋੜ ਹੈ । ਇਹ ਮੇਲੇ ਕਿਸਾਨ ਅਤੇ ਵਿਗਿਆਨੀਆਂ ਵਿਚਕਾਰ ਦੋ ਤਰਫੀ ਸਾਂਝ ਦੇ ਮੇਲੇ ਹਨ ਜਿੱਥੋਂ ਅਸੀਂ ਚੰਗੀ ਖੇਤੀ ਦੇ ਰਾਹ ਤੁਰ ਸਕਦੇ ਹਾਂ । ਇਸ ਮੇਲੇ ਦੀ ਪ੍ਰਧਾਨਗੀ ਕਰ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਸਾਨਾਂ ਦੇ ਭਾਰੀ ਇਕੱਠ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕੰਢੀ ਖੇਤਰ, ਖੇਤੀ ਪੱਖੋਂ ਵੱਖਰੀਆਂ ਲੋੜਾਂ ਵਾਲਾ ਵਿਸ਼ੇਸ਼ ਇਲਾਕਾ ਹੈ ਜਿਸ ਵਿੱਚ ਮੱਕੀ, ਤਿਲ, ਦਾਲਾਂ, ਛੋਲਿਆਂ ਅਤੇ ਕਣਕ ਦੀ ਖੇਤੀ ਹੁੰਦੀ ਹੈ ਅਤੇ ਇਹ ਬਰਾਨੀ ਇਲਾਕਾ ਪਹਿਲਾਂ ਨਾਲੋਂ ਤਰੱਕੀ ਦੇ ਰਾਹ ਤੇ ਹੈ । ਉਨ੍ਹਾਂ ਨੇ ਕਿਸਾਨਾਂ ਦੇ ਭਰਵੇਂ ਹੁੰਗਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਖੇਤੀ ਦੀਆਂ ਲੋੜਾਂ ਵੱਖਰੀਆਂ ਹਨ । ਖੇਤੀ ਨੂੰ ਮੁਨਾਫੇ ਦਾ ਧੰਦਾ ਬਣਾਉਣ ਲਈ ਸਾਨੂੰ ਹੁੱਣ ਖੇਤੀ ਪ੍ਰੋਸੈਸਿੰਗ ਦੇ ਰਾਹ ਤੁਰਨਾ ਪਵੇਗਾ । ਉਨ੍ਹਾਂ ਕਿਸਾਨ ਮੇਲੇ ਦੇ ਵਿਸ਼ੇਸ਼ ਥੀਮ ਦੀ ਚਰਚਾ ਕਰਦਿਆਂ ਕਿਹਾ ਕਿ ਜਿਣਸਾਂ ਤੋਂ ਉਤਪਾਦ ਬਣਾ ਕੇ ਅਸੀਂ ਆਪਣੀ ਫਸਲ ਦਾ ਵੱਧ ਮੁੱਲ ਲੈ ਸਕਦੇ ਹਾਂ । ਅੱਜ ਦੇ ਕਿਸਾਨ ਨੂੰ ਅਜਿਹੇ ਖੇਤੀ ਸਹਾਇਕ ਧੰਦੇ ਲਾਜ਼ਮੀ ਤੌਰ ਤੇ ਅਪਣਾਉਣੇ ਪੈਣਗੇ । ਡਾ. ਮਾਹਲ ਨੇ ਕਿਹਾ ਕਿ ਕਿਸਾਨ ਬੀਬੀਆਂ ਇਸ ਪਾਸੇ ਵਿਸ਼ੇਸ਼ ਯੋਗਦਾਨ ਪਾ ਸਕਦੀਆ ਹਨ । ਪੀ.ਏ.ਯੂ. ਆਪਣੇ ਮੁੱਖ ਕੈਂਪਸ ਵਿੱਚ ਅਤੇ ਹੋਰ ਕ੍ਰਿਸ਼ੀ ਵਿਗਿਆਨ ਕੇਦਰਾਂ ਤੇ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਬਾਰੇ ਸਿਖਲਾਈ ਦਿੰਦੀ ਹੈ ਜਿੱਥੋਂ ਸਿਖਲਾਈ ਪ੍ਰਾਪਤ ਕਰਕੇ ਅਤੇ ਸਵੈ-ਸਹਾਇਤਾ ਗ੍ਰੁਪਾਂ ਨਾਲ ਜੁੜ ਕੇ ਕਿਸਾਨ ਆਮਦਨ ਦੇ ਰਾਹ ਤੁਰ ਸਕਦੇ ਹਨ । ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀ ਸਾਹਿਤ, ਚੰਗੀ ਖੇਤੀ, ਖੇਤੀ ਸੰਦੇਸ਼, ਪੀ.ਏ.ਯੂ. ਪੋਰਟਲ ਅਤੇ ਕਿਸਾਨ ਐਪ ਰਾਹੀਂ ਲਗਾਤਾਰ ਜੁੜੇ ਰਹਿਣ ਲਈ ਅਪੀਲ ਕੀਤੀ । ਅਸੀਂ ਲਗਾਤਾਰ ਯਤਨ ਕਰ ਰਹੇ ਹਾਂ ਕਿ ਖੇਤੀ ਲਾਗਤਾਂ ਦੇ ਖਰਚ ਘਟਾਈਏ ਅਤੇ ਕਿਸਾਨ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਖੇਤੀ ਲਾਗਤਾਂ ਦੀ ਸਹੀ ਸਮੇਂ ਅਤੇ ਸਹੀ ਮਿਕਦਾਰ ਵਿੱਚ ਹੀ ਵਰਤੋਂ ਕਰੇ । ਉਨ੍ਹਾਂ ਪੰੰਜਾਬ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਪਿਛਲੇ ਸਾਲ ਝੋਨੇ ਦੀ ਪਰਾਲੀ ਨੂੰ ਸੁਚੱਜੇ ਤਰੀਕੇ ਨਾਲ ਸੰਭਾਲਣ ਵਿੱਚ ਸਹਿਯੋਗ ਦਿੱਤਾ । ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਤੋਂ ਪਹੁੰਚੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਐਰੀ ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ, ਸਕੀਮਾਂ ਅਤੇ ਲਗਾਏ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਦਸਿਆ । ਉਨ੍ਹਾਂ ਕਿਹਾ ਕਿ ਕੰਢੀ ਇਲਾਕਾ ਇੱਕ ਕੁਦਰਤੀ ਆਰਗੈਨਿਕ ਬੈਲਟ ਹੈ ਇੱਥੇ ਹੁੰਦੇ ਹਰਬਲ ਪੋਦਿਆਂ ਨੂੰ ਪਛਾਣ ਕੇ ਇਸ ਨੂੰ ਹਰਬਲ ਖੇਤੀ ਦੇ ਵਿਸ਼ੇਸ਼ ਇਲਾਕੇ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ । ਪੀ.ਏ.ਯੂ. ਦੇ ਵਧੀਨ ਨਿਰਦੇਸ਼ਕ ਖੋਜ ਡਾ. ਪੀ.ਪੀ.ਐਸ. ਪੰਨੂੰ ਨੇ ਪੀ.ਏ.ਯੂ. ਦੀਆਂ ਖੋਜ ਸਬੰਧੀ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੌਸਮ ਵਿੱਚ ਲਗਾਤਾਰ ਵਾਪਰ ਰਹੀ ਤਬਦੀਲੀ ਸਾਡੇ ਲਈ ਮੁੱਖ ਚੁਣੋਤੀ ਹੈ । ਉਤਪਾਦਨ ਅਤੇ ਸੁਰੱਖਿਆ ਤਕਨਾਲੋਜੀ ਦੀਆਂ ਨਵੀਆਂ ਸਿਫਾਰਸ਼ਾਂ ਦੇ ਨਾਲ ਨਾਲ ਉਨ੍ਹਾਂ ਨੇ ਪੀ.ਏ.ਯੂ. ਵਲੋਂ ਵਿਕਸਤ ਫਸਲਾਂ ਫਲਾਂ ਅਤੇ ਚਾਰੇ ਦੀਆਂ ਨਵੀਆਂ ਕਿਸਮਾਂ ਤੋਂ ਜਾਣੂ ਕਰਵਾਇਆ ।

ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਬੀਜਾਂ, ਬੂਟਿਆਂ ਅਤੇ ਖੇਤੀ ਪੁਸਤਕਾਂ ਲੈਣ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ । ਇਸ ਮੇਲੇ ਵਿੱਚ ਬਲਾਚੌਰ ਦੇ ਐਸ.ਡੀ.ਐਮ. ਸ. ਜਸਵੀਰ ਸਿੰਘ, ਜਿਲ੍ਹਾ ਖੇਤਬਾੜੀ ਅਫਸਰ ਡਾ. ਗੁਰਬਖਸ਼ ਸਿੰਘ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰੇਮ ਚੰਦ ਭੀਮਾ, ਸ਼੍ਰੀ ਅਜੇ ਕੁਮਾਰ ਮੰਗੂਪੁਰ ਅਤੇ ਅਗਾਂਹਵਧੂ ਕਿਸਾਨ ਸ. ਮਹਿੰਦਰ ਸਿੰਘ ਦੁਸਾਂਝ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ । ਤਕਨੀਕੀ ਸੈਸ਼ਨ ਵਿੱਚ ਵੱਖ-ਵੱਖ ਵਿਗਿਆਨੀਆਂ ਅਤੇ ਮਾਹਿਰਾਂ ਨੇ ਖੇਤੀ ਨਾਲ ਸਬੰਧਤ ਮਸਲਿਆਂ ਬਾਰੇ ਕਿਸਾਨਾਂ ਨਾਲ ਵਿਚਾਰ ਚਰਚਾ ਕੀਤੀ । ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਅਤੇ ਗੁਰਸੇਵਾ ਨਰਸਿੰਗ ਸੰਸਥਾ, ਗੜਸ਼ੰਕਰ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆਂ ਜਿਨ੍ਹਾਂ ਦੀ ਦਰਸ਼ਕਾਂ ਵਲੋਂ ਭਰਪੂਰ ਸ਼ਲਾਘਾ ਹੋਈ । ਡਾ. ਜੀ.ਐਸ. ਬੁੱਟਰ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਕਹਿਣ ਦੀ ਰਸਮ ਨਿਭਾਈ ਅਤੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਮਹਿਮਾਨਾਂ ਅਤੇ ਕਿਸਾਨ ਵੀਰਾਂ ਦਾ ਇਸ ਮੇਲੇ ਨੂੰ ਸਾਰਥਕ ਬਣਾਉਣ ਲਈ ਧੰਨਵਾਦ ਕੀਤਾ ।

Technology Marketing
and IPR Cell
  © Punjab Agricultural University Disclaimer | Privacy Policy | Contact Us