Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਯੂਨੀਵਰਸਿਟੀ ਆਫ਼ ਕੈਲਗਰੀ ਦੇ ਵਫ਼ਦ ਨੇ ਕੀਤਾ ਪੀਏਯੂ ਦਾ ਦੌਰਾ; ਕਈ ਮੁੱਦਿਆਂ ਤੇ ਦੁਵੱਲੀ ਸਾਂਝ ਦੀ ਮਜ਼ਬੂਤੀ ਬਾਰੇ ਹੋਈ ਗੱਲਬਾਤ
13-02-2019 Read in English

ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਲਗਰੀ ਤੋਂ ਆਏ ਵਫ਼ਦ ਅਤੇ ਪੀਏਯੂ ਵਿਚਕਾਰ ਖੋਜ ਅਤੇ ਅਧਿਆਪਨ ਲਈ ਸਾਂਝ ਦੇ ਸੰਭਾਵੀ ਵਿਸ਼ਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ । ਕੈਨੇਡੀਅਨ ਯੂਨੀਵਰਸਿਟੀ ਤੋਂ ਆਏ ਵਫ਼ਦ ਵਿੱਚ ਡਾ. ਜਨਕ ਰੂਵਨਪੁਰਾ, ਡਾ. ਅਨਿਲ ਮਹਿਰੋਤਰਾ, ਡਾ. ਬਲਜੀਤ ਸਿੰਘ ਅਤੇ ਡਾ. ਬਿਲ ਰੋਜ਼ਹਰਟ ਸ਼ਾਮਿਲ ਸਨ । ਖੇਤੀਬਾੜੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਕੈਨੇਡਾ ਤੋਂ ਆਏ ਵਫ਼ਦ ਦਾ ਸਵਾਗਤ ਕਰਦਿਆਂ ਕਾਲਜ ਦੇ ਵੱਖ-ਵੱਖ ਵਿਭਾਗਾਂ ਬਾਰੇ ਸੰਖੇਪ ਜਾਣ-ਪਛਾਣ ਕਰਾਈ । ਇਸ ਦੇ ਨਾਲ ਹੀ ਉਹਨਾਂ ਨੇ ਕਾਲਜ ਵਿੱਚ ਕਰਵਾਈ ਜਾ ਰਹੀ ਖੋਜ, ਅਧਿਆਪਨ ਅਤੇ ਤਕਨੀਕੀ ਵਿਕਾਸ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਪੰਜਾਬ ਦੇ ਖੇਤੀਬਾੜੀ ਵਿਕਾਸ ਵਿੱਚ ਕਾਲਜ ਵੱਲੋਂ ਪਾਏ ਤਕਨੀਕੀ ਯੋਗਦਾਨ ਬਾਰੇ ਚਰਚਾ ਕਰਦਿਆਂ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਸਾਂਝ ਦੇ ਸੰਭਾਵੀਂ ਮੁੱਦਿਆਂ ਬਾਰੇ ਗੱਲ ਕੀਤੀ ।

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਰਾਜ ਦੀਆਂ ਹੀ ਨਹੀਂ ਸਗੋਂ ਦੇਸ਼ ਦੀਆਂ ਸਿਖਰਲੀਆਂ ਸੰਸਥਾਵਾਂ ਵਿੱਚ ਸ਼ੁਮਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀਆਂ ਪਸਾਰ, ਖੋਜ ਅਤੇ ਅਧਿਆਪਨ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ । ਉਹਨਾਂ ਨੇ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਭਵਿੱਖ ਵਿੱਚ ਖੋਜ ਅਤੇ ਅਧਿਆਪਨ ਦੇ ਖੇਤਰ ਵਿੱਚ ਸਾਂਝ ਦੀ ਕਿਸੇ ਵੀ ਪਹਿਲਕਦਮੀ ਨੂੰ ਭਵਿੱਖ ਦੇ ਖੇਤੀ ਵਿਗਿਆਨੀਆਂ ਲਈ ਨਵੇਂ ਰਾਹ ਰੁਸ਼ਨਾਉਣ ਵਾਲਾ ਕਦਮ ਕਿਹਾ । ਵਿਗਿਆਨ ਅਤੇ ਤਕਨੀਕ ਦੇ ਨਵੇਂ ਪਹਿਲੂਆਂ ਵਾਰੇ ਗੱਲ ਕਰਦਿਆਂ ਡਾ. ਢਿੱਲੋਂ ਨੇ ਅੰਤਰਰਾਸ਼ਟਰੀ ਸਾਂਝ ਦੀ ਮਜ਼ਬੂਤੀ ਰਾਹੀਂ ਨਵੇਂ ਵਿਚਾਰ ਅਤੇ ਸੋਚ ਦੇ ਵਿਕਾਸ ਨੂੰ ਖੇਤੀ ਪੱਖੀ ਬਨਾਉਣ ਦੀ ਲੋੜ ਤੇ ਜ਼ੋਰ ਦਿੱਤਾ ।

ਕੈਨੇਡੀਅਨ ਵਫ਼ਦ ਵੱਲੋਂ ਡਾ. ਜਨਕ ਰੂਵਨਪੁਰਾ ਨੇ ਸੰਸਥਾਵਾਂ ਦੀ ਆਪਸੀ ਸਾਂਝ ਉਪਰ ਜ਼ੋਰ ਦਿੰਦਿਆਂ ਖੋਜ ਤਜਰਬਿਆਂ ਦੇ ਆਦਾਨ-ਪ੍ਰਦਾਨ ਰਾਹੀਂ ਕਾਰਜ ਸਮਰੱਥਾ ਵਿੱਚ ਵਾਧਾ ਅਤੇ ਖੇਤ ਹਿਤਾਂ ਲਈ ਲਾਭਕਾਰੀ ਹੋਣ ਦੀ ਗੱਲ ਕੀਤੀ । ਡਾ. ਬਿਲ ਰੋਜ਼ਹਰਟ ਨੇ ਕੈਨੇਡੀਅਨ ਯੂਨੀਵਰਸਿਟੀ ਵਿੱਚ ਕਰਵਾਏ ਜਾ ਰਹੇ ਇੰਜਨੀਅਰਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਉਸਦੇ ਬਿਹਤਰ ਪ੍ਰਭਾਵ ਲਈ ਪੀਏਯੂ ਨਾਲ ਸਾਂਝ ਨੂੰ ਬੇਹੱਦ ਲਾਜ਼ਮੀ ਕਿਹਾ । ਡਾ. ਅਨਿਲ ਮਹਿਰੋਤਰਾ ਨੇ ਪਾਣੀ ਦੇ ਮਿਆਰ, ਮਿਕਦਾਰ ਅਤੇ ਫ਼ਸਲੀ ਰਹਿੰਦ-ਖੂੰਹਦ ਦੀ ਸੰਭਾਲ ਦੇ ਮੁੱਦਿਆਂ ਤੇ ਸਾਂਝੀ ਖੋਜ ਦੀ ਲੋੜ ਤੇ ਜ਼ੋਰ ਦਿੱਤਾ । ਡਾ. ਬਲਜੀਤ ਸਿੰਘ ਨੇ ਅੰਡਰ-ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪੱਧਰ ਤੇ ਅਧਿਆਪਨ ਦੀ ਬਿਹਤਰੀ ਲਈ ਆਪਸੀ ਸਾਂਝ ਅਤੇ ਅਮਲੇ ਦੇ ਵਟਾਂਦਰੇ ਉਪਰ ਜ਼ੋਰ ਦਿੱਤਾ ।

ਡਾ. ਸਤੀਸ਼ ਗੁਪਤਾ ਸੰਵਾਦ ਦੇ ਸੈਸ਼ਨ ਦੇ ਕੁਆਰਡੀਨੇਟਰ ਸਨ । ਖੇਤੀਬਾੜੀ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਕੈਨੇਡੀਅਨ ਵਫ਼ਦ ਦੇ ਪੀਏਯੂ ਆਉਣ ਤੇ ਉਹਨਾਂ ਦਾ ਧੰਨਵਾਦ ਕੀਤਾ ।

Technology Marketing
and IPR Cell
  © Punjab Agricultural University Disclaimer | Privacy Policy | Contact Us