Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਪੀਏਯੂ ਵਿੱਚ ਬਾਗਬਾਨੀ ਨਾਲ ਸੰਬੰਧਿਤ ਪਸਾਰ ਮਾਹਿਰਾਂ ਦੀ ਵਰਕਸ਼ਾਪ ਹੋਈ ਆਰੰਭ; ਫ਼ਲਾਂ ਅਤੇ ਸਬਜ਼ੀਆਂ ਹੇਠ ਰਕਬਾ ਵਧਾਉਣਾ ਵਧੇਰੇ ਲਾਹੇਵੰਦ ਹੋਵੇਗਾ : ਵਾਈਸ ਚਾਂਸਲਰ
06-02-2019 Read in English

ਅੱਜ ਪੀਏਯੂ ਵਿੱਚ ਪਸਾਰ ਮਾਹਿਰਾਂ ਦੀ ਫ਼ਲਾਂ, ਮਸ਼ਰੂਮ, ਖੇਤੀ ਜੰਗਲਾਤ, ਪੋਸਟ ਹਾਰਵੈਸਟ ਪ੍ਰਬੰਧਨ, ਫਾਰਮ ਪਾਵਰ ਅਤੇ ਮਸ਼ੀਨਰੀ, ਭੋਜਨ ਤਕਨਾਲੋਜੀ ਅਤੇ ਖੇਤੀ ਆਰਥਿਕਤਾ ਨਾਲ ਸੰਬੰਧਤ ਦੋ ਰੋਜ਼ਾ ਵਰਕਸ਼ਾਪ ਸ਼ੁਰੂ ਹੋਈ । ਪਾਲ ਆਡੀਟੋਰੀਅਮ ਵਿੱਚ ਸ਼ੁਰੂ ਹੋਈ ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਸਨ । ਡਾ. ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਬਾਗਬਾਨੀ ਦੇ ਮੌਜੂਦਾ ਹਾਲਾਤ ਬਾਰੇ ਗੱਲ ਕਰਦਿਆਂ ਕਿਹਾ ਕਿ ਖੇਤੀ ਵਿੱਚ ਬਾਗਬਾਨੀ ਦਾ ਮਹੱਤਵ ਲਗਾਤਾਰ ਵਧ ਰਿਹਾ ਹੈ । 2001-02 ਵਿੱਚ ਜਿੱਥੇ 34,000 ਹੈਕਟੇਅਰ ਵਿੱਚ ਬਾਗਬਾਨੀ ਦੀ ਖੇਤੀ ਹੁੰਦੀ ਸੀ ਅੱਜ 83,000 ਹੈਕਟੇਅਰ ਰਕਬਾ ਬਾਗਬਾਨੀ ਅਧੀਨ ਹੈ । ਉਹਨਾਂ ਇਹ ਵੀ ਕਿਹਾ ਕਿ ਖੇਤੀ ਫ਼ਸਲਾਂ ਅਤੇ ਫ਼ਲਾਂ ਦੇ ਉਤਪਾਦ ਵਿੱਚ ਕੋਈ ਕਮੀ ਨਹੀਂ ਹੈ ਸਗੋਂ ਹੁਣ ਪ੍ਰੋਸੈਸਿੰਗ ਅਤੇ ਪੋਸਟ ਹਾਰਵੈਸਟ ਤਕਨੀਕਾਂ ਨਾਲ ਜੁੜੇ ਨੁਕਤਿਆਂ ਵੱਲ ਧਿਆਨ ਦੇਣ ਦੀ ਲੋੜ ਹੈ । ਇਸ ਪੱਖ ਤੋਂ ਵਪਾਰਕ ਜਾਗਰੂਕਤਾ ਜ਼ਰੂਰੀ ਹੈ । ਡਾ. ਢਿੱਲੋਂ ਨੇ ਬਾਗਬਾਨੀ ਵਿਭਾਗ ਨਾਲ ਸਹਿਚਾਰ ਦੇ ਆਧਾਰ ਤੇ ਇਸ ਖੇਤਰ ਵਿੱਚ ਹੋਰ ਕਾਰਜ ਕਰਨ ਦੀ ਲੋੜ ਤੇ ਜ਼ੋਰ ਦਿੱਤਾ । ਡਾ. ਢਿੱਲੋਂ ਨੇ ਗੁਆਂਢੀ ਰਾਜਾਂ ਵਿੱਚ ਖਰਾਬ ਕਿੰਨੂਆਂ ਦੀ ਵਰਤੋਂ ਦੇ ਉਦਯੋਗ ਦਾ ਜ਼ਿਕਰ ਕੀਤਾ ਅਤੇ ਉਹਨਾਂ ਨਾਲ ਤਾਲਮੇਲ ਬਨਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਫ਼ਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਸਿੱਖਣ ਦੀ ਲੋੜ ਵੀ ਅੱਜ ਸਾਹਮਣੇ ਖੜੀ ਹੈ ।

ਡਾ. ਢਿੱਲੋਂ ਨੇ ਪੀਏਯੂ ਦੇ ਵਿਗਿਆਨੀਆਂ ਨੂੰ ਕਿਹਾ ਕਿ ਉਹ ਸੇਮ ਦੇ ਵਧਣ ਦੀ ਦਿਸ਼ਾ ਦੀ ਪਛਾਣ ਕਰਨ ਤਾਂ ਜੋ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਲਈ ਸਹੀ ਰਕਬਾ ਪਛਾਣਿਆ ਜਾ ਸਕੇ । ਪੀਏਯੂ ਦੀਆਂ ਫ਼ਲਾਂ ਦੇ ਖੇਤਰ ਵਿੱਚ ਖੋਜਾਂ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਅਮਰੂਦ ਦੀ ਨਵੀਂ ਕਿਸਮ ਪੀਏਯੂ ਐਪਲ ਗੁਆਵਾ ਦੀ ਪ੍ਰਸ਼ੰਸਾ ਕੀਤੀ ਜੋ ਦਿੱਖ, ਰਸ ਅਤੇ ਪੌਸ਼ਟਿਕ ਗੁਣਾ ਕਾਰਨ ਬਹੁਤ ਉਤਮ ਕਿਸਮ ਦਾ ਉਤਪਾਦ ਸਾਬਤ ਹੋਈ ਹੈ । ਉਹਨਾਂ ਨੇ ਪੀਏਯੂ ਦੇ ਭੋਜਨ ਉਦਯੋਗ ਦੇ ਇੰਕੁਬੇਸ਼ਨ ਸੈਂਟਰ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਜ਼ਿਕਰ ਕਰਦਿਆਂ ਬਾਗਬਾਨੀ ਵਿਭਾਗ ਨੂੰ ਕਿਹਾ ਕਿ ਬਾਗਬਾਨੀ ਅਤੇ ਪ੍ਰੋਸੈਸਿੰਗ ਦੀ ਸਿਖਲਾਈ ਦੇ ਚਾਹਵਾਨ ਕਿਸਾਨਾਂ ਲਈ ਸਾਡੇ ਕੋਲ ਬਿਹਤਰ ਸਿਖਲਾਈ ਸੁਵਿਧਾਵਾਂ ਹਨ । ਇਹਨਾਂ ਦਾ ਲਾਭ ਪੰਜਾਬ ਦੇ ਕਿਸਾਨ ਨੂੰ ਲੈਣਾ ਚਾਹੀਦਾ ਹੈ । ਖੁੰਬਾਂ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਦੱਸਿਆ ਕਿ ਪੰਜਾਬ ਦੇਸ਼ ਦਾ ਕੁੱਲ 14 ਪ੍ਰਤੀਸ਼ਤ ਖੁੰਬ ਉਤਪਾਦਨ ਕਰ ਰਿਹਾ ਹੈ ਨਾਲ ਹੀ ਹੋਰ ਅਜਿਹੀਆਂ ਕਿਸਮਾਂ ਦੀ ਨਿਸ਼ਾਨਦੇਹੀ ਦੀ ਲੋੜ ਹੈ ਜੋ ਕਿਸਾਨ ਨੂੰ ਸਾਰਾ ਸਾਲ ਇਸ ਧੰਦੇ ਵਿੱਚੋਂ ਲਾਭ ਲੈਣ ਯੋਗ ਬਣਾ ਸਕਣ । ਉਹਨਾਂ ਨੇ ਪੀਏਯੂ ਦੇ ਖੇਤੀ ਜੰਗਲਾਤ ਵਿਭਾਗ ਨੂੰ ਨਵੇਂ ਯੁੱਗ ਦੀਆਂ ਚੁਣੌਤੀਆਂ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਨਿੰਮ ਦੀ ਖੇਤੀ ਸੰਬੰਧੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਖੇਤੀ ਨਾਲ ਸੰਬੰਧਿਤ ਉਤਪਾਦਾਂ ਵਿੱਚ ਵੀ ਨਿੰਮ ਦਾ ਮਹੱਤਵ ਪਿਛਲੇ ਸਮੇਂ ਵਿੱਚ ਬਹੁਤ ਵਧਿਆ ਹੈ । ਵਾਈਸ ਚਾਂਸਲਰ ਨੇ ਸ਼ਹਿਰੀ ਬਾਗਬਾਨੀ ਵੱਲ ਧਿਆਨ ਦੇਣ ਸੰਬੰਧੀ ਕਿਹਾ ਕਿ ਪਪੀਤੇ ਵਰਗੇ ਫਲਦਾਰ ਪੌਦਿਆਂ ਨੂੰ ਧਿਆਨ ਵਿੱਚ ਰੱਖ ਕੇ ਪੀਏਯੂ ਵੱਲੋਂ ਤਿਆਰ ਪੌਸ਼ਟਿਕ ਕਿਚਨ ਗਾਰਡਨ ਇਸ ਵਰਗ ਵਿੱਚ ਹੋਰ ਪ੍ਰਸਾਰਿਤ ਕਰਨ ਦੀ ਲੋੜ ਹੈ । ਉਹਨਾਂ ਨੇ ਸਬਜ਼ੀ ਖੇਤਰ ਦੇ ਮਾਹਿਰਾਂ ਅਤੇ ਵਿਗਿਆਨੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਕੁਝ ਸਬਜ਼ੀਆਂ ਉਪਰ ਪਲਣ ਵਾਲੀ ਚਿੱਟੀ ਮੱਖੀ ਬਾਰੇ ਵਿਸ਼ੇਸ਼ ਤੌਰ ਤੇ ਸੁਚੇਤ ਰਹਿ ਕੇ ਯੂਨੀਵਰਸਿਟੀ ਨੂੰ ਹਰ ਤਰ੍ਹਾਂ ਨਾਲ ਸੂਚਨਾ ਦਿੱਤੀ ਜਾਵੇ ।

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਮੌਕੇ ਪੀਏਯੂ ਦੀਆਂ ਪਿਛਲੇ ਸਾਲ ਦੀਆਂ ਬਾਗਬਾਨੀ ਅਤੇ ਸਬਜ਼ੀਆਂ ਨਾਲ ਸੰਬੰਧਤ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ । ਉਹਨਾਂ ਨੇ ਅਮਰੂਦ ਦੀ ਕਿਸਮ ਪੰਜਾਬ ਐਪਲ ਗੁਆਵਾ ਬਾਰੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਪੀਏਯੂ ਦੇ ਬਹਾਦਰਗੜ੍ਹ ਖੋਜ ਕੇਂਦਰ ਦੀ ਸਹਾਇਤਾ ਨਾਲ ਨਿਰਮਤ ਕਿਸਮ ਹੈ ਜਿਸ ਦੇ ਪੌਦੇ 40 ਸਾਲ ਬਾਅਦ ਪ੍ਰਤੀ ਬੂਟਾ 58 ਕਿੱਲੋ ਫਲ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ । ਘੱਟ ਬੀਜ ਵਾਲਾ, ਪੌਸ਼ਟਿਕ ਅਤੇ ਸੇਬ ਵਰਗਾ ਇਸ ਕਿਸਮ ਦਾ ਫ਼ਲ ਪ੍ਰੋਸੈਸਿੰਗ ਦੇ ਪੱਖ ਤੋਂ ਬੇਹੱਦ ਲਾਹੇਵੰਦ ਹੈ । ਡਾ. ਨਵਤੇਜ ਸਿੰਘ ਬੈਂਸ ਨੇ ਡੇਜ਼ੀ, ਕਿੰਨੂ, ਅੰਜੀਰ ਆਦਿ ਫ਼ਲਾਂ ਦੀਆਂ ਨਵੀਆਂ ਕਿਸਮਾਂ ਬਾਰੇ ਵੀ ਵਿਸਥਾਰ ਵਿੱਚ ਗੱਲ ਕੀਤੀ । ਉਹਨਾਂ ਕਿਹਾ ਕਿ ਕਿੰਨੂ ਦੀਆਂ ਹੋਰ ਕਿਸਮਾਂ ਤੇ ਕੰਮ ਕਰਨਾ ਪਵੇਗਾ ਅਤੇ ਸਾਰਾ ਸਾਲ ਫ਼ਲ ਲਈ ਡੇਜ਼ੀ ਨੂੰ ਵਿਭਿੰਨਤਾ ਦੇ ਬਦਲ ਵਜੋਂ ਦੇਖਿਆ ਜਾ ਸਕਦਾ ਹੈ । ਬਲੈਕ ਫਿਗ-1 ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਹ ਕਿਸਮ ਜੂਨ ਦੇ ਅੱਧ ਵਿੱਚ ਤਿਆਰ ਹੋ ਜਾਂਦੀ ਹੈ। ਇਸਦੇ ਫ਼ਲ ਹਲਕੇ ਗੁਲਾਬੀ ਅਤੇ ਮਹਿਕਦਾਰ ਹੁੰਦੇ ਹਨ । 13 ਕਿੱਲੋ ਪ੍ਰਤੀ ਬੂਟਾ ਫ਼ਲ ਦੇਣ ਦੀ ਸਮਰੱਥਾ ਵਾਲੀ ਇਹ ਕਿਸਮ ਬਾਗਬਾਨੀ ਦੇ ਪੱਖ ਤੋਂ ਬੇਹੱਦ ਉਨਤ ਹੈ । ਇਸੇ ਤਰ੍ਹਾਂ ਨਿਰਦੇਸ਼ਕ ਖੋਜ ਨੇ ਅੰਤਰ ਫ਼ਸਲਾਂ ਦੇ ਸੰਬੰਧ ਵਿੱਚ ਮੂੰਗਫ਼ਲੀ ਦੀ ਕਿਸਮ ਟੀ ਜੀ -37 ਦੀ ਗੱਲ ਕੀਤੀ ।

ਇਸ ਮੌਕੇ ਬਾਗਬਾਨੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਗੁਲਾਬ ਸਿੰਘ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਉਹਨਾਂ ਨੇ ਰਾਜ ਵਿੱਚ ਬਾਗਬਾਨੀ ਹੇਠ ਰਕਬਾ ਵਧਾਉਣ ਸੰਬੰਧੀ ਆਪਣੇ ਨੁਕਤੇ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ । ਉਹਨਾਂ ਨੇ ਬਾਗਬਾਨੀ ਵਿਭਾਗ ਵੱਲੋਂ ਫ਼ਲਾਂ ਦੀ ਖੇਤੀ ਨੂੰ ਵਧਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਨਾਲ ਹੀ ਸਵੀਟ ਔਰੇਂਜ ਦੀਆਂ ਅੱਧ ਨਵੰਬਰ ਵਿੱਚ ਪੱਕਣ ਵਾਲੀਆਂ ਕਿਸਮਾਂ ਬਾਰੇ ਗੱਲ ਕਰਦਿਆਂ ਉਹਨਾਂ ਨੇ ਬਾਗਬਾਨਾਂ ਲਈ ਇਹਨਾਂ ਦੇ ਮਹੱਤਵ ਦੀ ਗੱਲ ਕੀਤੀ । ਡਾ. ਗਿੱਲ ਨੇ ਸੂਬੇ ਵਿੱਚ ਪਾਣੀ ਦੀ ਸੰਭਾਲ ਅਤੇ ਪਰਾਲੀ ਸਾੜਨ ਦੇ ਨਾਲ ਜੋੜ ਕੇ ਬਾਗਬਾਨੀ ਦੇ ਵਿਕਾਸ ਨੂੰ ਕਿਸਾਨਾਂ ਤੱਕ ਪਹੁੰਚਾਉਣ ਦੀ ਲੋੜ ਤੇ ਜੋਰ ਦਿੱਤਾ ।

ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਆਏ ਹੋਏ ਪਸਾਰ ਮਾਹਿਰਾਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ । ਉਹਨਾਂ ਨੇ ਪਦਮਸ਼੍ਰੀ ਮਿਲਣ ਤੇ ਵਾਈਸ ਚਾਂਸਲਰ ਨੂੰ ਵਧਾਈ ਦਿੰਦਿਆਂ ਪੀਏਯੂ ਦੇ ਸਮੁੱਚੇ ਅਮਲੇ ਲਈ ਮਾਣ ਵਾਲੀ ਗੱਲ ਕਿਹਾ । ਇਸ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਬਾਗਬਾਨੀ ਅਤੇ ਸਬਜ਼ੀ ਨਾਲ ਸੰਬੰਧਤ ਮਾਹਿਰਾਂ ਤੋਂ ਬਿਨਾਂ ਪਸਾਰ ਮਾਹਿਰ ਹਿੱਸਾ ਲੈ ਰਹੇ ਹਨ ।

Technology Marketing
and IPR Cell
  © Punjab Agricultural University Disclaimer | Privacy Policy | Contact Us