Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਟੀਮ ਨੇ ਪੀਏਯੂ ਦੀ ਕਣਕ ਖੋਜ ਦੀ ਕੀਤੀ ਭਰਪੂਰ ਪ੍ਰਸ਼ੰਸਾ
31-01-2019 Read in English

ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਇੱਕ ਟੀਮ ਪੀਏਯੂ ਦੀ ਕਣਕ ਸੰਬੰਧੀ ਖੋਜ ਦੇ ਨਿਰੀਖਣ ਲਈ ਪਹੁੰਚੀ । ਕਣਕ ਅਤੇ ਜੌਂਆਂ ਦੇ ਖੇਤਰ ਵਿੱਚ ਵੱਖ-ਵੱਖ ਖੇਤੀ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵੱਲੋਂ ਕੀਤੀ ਜਾ ਰਹੀ ਖੋਜ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਆਲ ਇੰਡੀਆ ਕੁਆਰਡੀਨੇਟਿਡ ਵੀਟ ਐਂਡ ਬਾਰਲੇ ਇੰਪਰੂਵਮੈਂਟ ਪ੍ਰੋਜੈਕਟ ਤਹਿਤ ਹੋਈ । ਇੱਕ ਮੀਟਿੰਗ ਵਿੱਚ ਇਸ ਟੀਮ ਨੇ ਪੀਏਯੂ ਅਤੇ ਹੋਰ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ ਦੀਆਂ ਖੋਜ ਅਤੇ ਵਿਕਾਸ ਦਾ ਜਾਇਜ਼ਾ ਲਿਆ । ਇਸ ਟੀਮ ਵਿੱਚ ਐਨਆਈਏਐਮ ਦੇ ਸਾਬਕਾ ਨਿਰਦੇਸ਼ਕ ਪੀ ਐਸ ਮਿਨਹਾਸ, ਆਈ ਏ ਆਰ ਏ ਆਈ ਦੇ ਪੌਦਾ ਰੋਗ ਵਿਗਿਆਨ ਦੇ ਸਾਬਕਾ ਮੁਖੀ ਡਾ. ਡੀ ਬੀ ਸਿੰਘ ਆਈ ਸੀ ਏ ਆਰ ਦੇ ਕਣਕ ਅਤੇ ਜੌਆਂ ਬਾਰੇ ਕਰਨਾਲ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਜੀ ਪੀ ਸਿੰਘ ਅਤੇ ਕਰਨਾਲ ਤੋਂ ਹੀ ਬਾਇਓਤਕਨਾਲੋਜੀ ਦੇ ਮੁੱਖ ਵਿਗਿਆਨੀ ਡਾ. ਰਤਨ ਤਿਵਾੜੀ ਸ਼ਾਮਿਲ ਸਨ।

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਟੀਮ ਦਾ ਪੀਏਯੂ ਪਹੁੰਚਣ ਤੇ ਸਵਾਗਤ ਕੀਤਾ । ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਕਣਕ ਦੇ ਖੇਤਰ ਵਿੱਚ ਪੀਏਯੂ ਵੱਲੋਂ ਕੀਤੀ ਜਾ ਰਹੀ ਖੋਜ ਅਤੇ ਉਤਪਾਦਨ ਵਿੱਚ ਵਾਧੇ ਲਈ ਪਾਏ ਯੋਗਦਾਨ ਬਾਰੇ ਵਿਸਤਾਰ ਵਿੱਚ ਪੇਸ਼ਕਾਰੀ ਦਿੱਤੀ । ਇਸ ਟੀਮ ਦੇ ਮੈਂਬਰ ਸਕੱਤਰ ਡਾ. ਰਤਨ ਤਿਵਾੜੀ ਨੇ ਆਪਣੇ ਵਾਕਫ਼ੀ ਭਾਸ਼ਣ ਵਿੱਚ ਝਾੜ ਨੂੰ ਬਰਕਰਾਰ ਰੱਖਣ ਲਈ ਮੌਸਮ ਦੀ ਉਥਲ-ਪੁਥਲ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਦੇ ਸੁਧਾਰ ਦੀ ਲੋੜ ਤੇ ਜ਼ੋਰ ਦਿੱਤਾ । ਡਾ. ਮਿਨਹਾਸ ਨੇ ਕਣਕ ਦੀ ਫ਼ਸਲ ਲਈ ਸਿੰਚਾਈ ਦੇ ਢੁੱਕਵੇਂ ਪ੍ਰਬੰਧ ਉਪਰ ਜ਼ੋਰ ਦਿੱਤਾ ਤਾਂ ਜੋ ਪਾਣੀ ਦੀ ਸੰਭਾਲ ਕੀਤੀ ਜਾ ਸਕੇ । ਟੀਮ ਦੇ ਮੈਂਬਰ ਡਾ. ਡੀ ਬੀ ਸਿੰਘ ਨੇ ਕਰਨਾਲ ਬੰਟ ਅਤੇ ਉਲੀ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਦੀ ਖੋਜ ਲਈ ਹਾਜ਼ਰ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ ।

ਇਸ ਟੀਮ ਨੇ ਉਤਰ-ਪੱਛਮੀ ਖੇਤਰ ਦੇ ਮੈਦਾਨੀ ਅਤੇ ਉਤਰ ਦੇ ਪਹਾੜੀ ਖੇਤਰਾਂ ਵਿੱਚ ਵੱਖ-ਵੱਖ ਖੋਜ ਕੇਂਦਰਾਂ ਵੱਲੋਂ ਕੀਤੀ ਜਾ ਰਹੀ ਖੋਜ ਦਾ ਮੁਲਾਂਕਣ ਕੀਤਾ । ਪੀਏਯੂ ਤੋਂ ਬਿਨਾਂ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਪੰਤ ਨਗਰ ਯੂਨੀਵਰਸਿਟੀ, ਦੁਰਗਾਪੁਰਾ ਯੂਨੀਵਰਸਿਟੀ, ਜੰਮੂ ਕਸ਼ਮੀਰ ਖੇਤੀਬਾੜੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਕ੍ਰਿਸ਼ੀ ਵਿਸ਼ਵ ਵਿਦਿਆਲਾ ਪਾਲਮਪੁਰ ਅਤੇ ਹੋਰ ਕਈ ਕੇਂਦਰਾਂ ਦੇ ਵਿਗਿਆਨੀ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ । ਇਹਨਾਂ ਵਿਗਿਆਨੀਆਂ ਨੇ ਆਪਣੀਆਂ ਖੋਜ ਪ੍ਰਾਪਤੀਆਂ, ਨਵੀਆਂ ਕਾਢਾਂ ਅਤੇ ਆਉਣ ਵਾਲੇ ਪੰਜ ਸਾਲਾਂ ਦੀਆਂ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ।

ਇੱਥੇ ਜ਼ਿਕਰਯੋਗ ਹੈ ਕਿ ਪੀਏਯੂ ਦੀ ਕਣਕ ਸੰਬੰਧੀ ਖੋਜ ਟੀਮ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਣਕ ਦੀਆਂ ਕਿਸਮਾਂ ਦੀ ਖੋਜ ਕੀਤੀ ਅਤੇ ਉਹਨਾਂ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ । ਇਹਨਾਂ ਵਿੱਚੋਂ ਪੀਬੀਡਬਲਯੂ 725, ਉਨਤ ਪੀਬੀਡਬਲਯੂ 343, ਪੀਬੀਡਬਲਯੂ 1 ਜ਼ਿੰਕ ਆਦਿ ਹਨ । ਇਹਨਾਂ ਤੋਂ ਇਲਾਵਾ ਉਲੀ ਰੋਗਾਂ ਦਾ ਟਾਕਰਾ ਕਰਨ ਵਾਲੇ ਜੀਨ ਪ੍ਰਸਿੱਧ ਕਿਸਮਾਂ ਨਾਲ ਨੱਥੀ ਕੀਤੇ ਗਏ । ਇਸ ਤੋਂ ਇਲਾਵਾ ਪਿਛਲੇ ਪੰਜ ਸਾਲਾਂ ਦੌਰਾਨ ਬਹੁਤ ਸਾਰੀਆਂ ਫ਼ਸਲ ਉਤਪਾਦਨ ਤਕਨੀਕਾਂ ਦੀ ਸਿਫ਼ਾਰਸ਼ ਕੀਤੀ ਗਈ ਜਿਨ•ਾਂ ਨਾਲ ਨਾਈਟ੍ਰੋਜਨ ਅਤੇ ਪਾਣੀ ਦੀ ਢੁੱਕਵੀਂ ਵਰਤੋਂ ਦਾ ਰਾਹ ਪੱਧਰਾ ਹੋਇਆ । ਇਸ ਟੀਮ ਦੇ ਮੈਂਬਰਾਂ ਨੇ ਇਹਨਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਪੀਏਯੂ ਦੀ ਖੋਜ ਟੀਮ ਦੀ ਭਰਵੀਂ ਪ੍ਰਸ਼ੰਸ਼ਾ ਕੀਤੀ । ਕਿਸਮਾਂ ਦੇ ਵਿਕਾਸ ਲਈ ਖੇਤੀ ਬਾਇਓਤਕਨਾਲੋਜੀ ਸਕੂਲ ਦੀ ਬਹੁਅਨੁਸ਼ਾਸਨੀ ਖੋਜ ਤੋਂ ਨਿਰੀਖਣ ਟੀਮ ਦੇ ਮੈਂਬਰ ਕਾਫ਼ੀ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਖੋਜ ਦੇ ਇਸ ਮਾਡਲ ਨੂੰ ਦੂਸਰੀਆਂ ਯੂਨੀਵਰਸਿਟੀਆਂ ਅਤੇ ਖੋਜ ਕੇਂਦਰਾਂ ਵਿੱਚ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ।

ਡਾ. ਜੀ ਪੀ ਸਿੰਘ ਨੇ ਆਉਣ ਵਾਲੇ ਸਾਲਾਂ ਲਈ ਕਣਕ ਸੰਬੰਧੀ ਖੋਜ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਬਾਰੇ ਆਪਣੇ ਸੁਝਾਅ ਦਿੱਤੇ । ਇਸ ਟੀਮ ਦੇ ਮੈਂਬਰਾਂ ਨੇ ਪੀਏਯੂ ਵੱਲੋਂ ਕਣਕ ਖੋਜ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਅਤੇ ਉਹਨਾਂ ਨੇ ਉਤਰੀ ਭਾਰਤ ਦੀਆਂ ਹੋਰ ਯੂਨੀਵਰਸਿਟੀਆਂ ਨੂੰ ਖੋਜ ਸੰਬੰਧੀ ਅਗਵਾਈ ਅਤੇ ਸਮੱਗਰੀ ਮੁਹੱਈਆ ਕਰਨ ਲਈ ਪੀਏਯੂ ਨੂੰ ਅਪੀਲ ਕੀਤੀ ।

ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਜੀ ਐਸ ਮਾਂਗਟ ਨੇ ਕਣਕ ਦੀ ਫ਼ਸਲ ਸੰਬੰਧੀ ਇਸ ਰਾਸ਼ਟਰ ਪੱਧਰੀ ਵਿਚਾਰ ਚਰਚਾ ਨੂੰ ਪੀਏਯੂ ਵਿੱਚ ਆਯੋਜਿਤ ਕਰਨ ਤੇ ਟੀਮ ਦੇ ਮੈਂਬਰਾਂ ਅਤੇ ਹੋਰ ਬਾਹਰੋਂ ਆਏ ਵਿਗਿਆਨੀ ਮਾਹਿਰਾਂ ਦਾ ਧੰਨਵਾਦ ਕੀਤਾ ।

Technology Marketing
and IPR Cell
  © Punjab Agricultural University Disclaimer | Privacy Policy | Contact Us