Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਉੱਤਰ ਭਾਰਤ ਵਿੱਚ ਝੋਨੇ ਦਾ ਘਟਿਆ ਝਾੜ, ਮੌਸਮੀ ਉਲਟ ਫੇਰ ਨੇ ਦਿਖਾਇਆ ਰੰਗ ਲੁਆਈ ਦੀ ਤਰੀਕ ਬਦਲਣ ਦਾ ਝਾੜ ਤੇ ਕੋਈ ਅਸਰ ਨਹੀ : ਖੇਤੀ ਯੂਨੀਵਰਸਿਟੀ
15-12-2018 Read in English

ਪੰਜਾਬ ਅਤੇ ਹਰਿਆਣਾ ਦੇ ਕਈ ਭਾਗਾਂ ਵਿੱਚ ਇਸ ਸਾਲ ਝੋਨੇ ਦੇ ਝਾੜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਗਿਰਾਵਟ ਰਿਕਾਰਡ ਕੀਤੀ ਗਈ ਹੈ । ਭਾਂਵੇ ਕਿ ਇਹ ਝਾੜ ਪਿਛਲੇ ਤੋਂ ਪਿਛਲੇ ਸਾਲ ਦੇ ਬਰਾਬਰ ਹੀ ਪਾਇਆ ਗਿਆ ਹੈ ।
ਝੋਨੇ ਦੇ ਘਟੇ ਝਾੜ ਦੇ ਕਾਰਨਾਂ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਵੱਖ-ਵੱਖ ਨੁਕਤਿਆਂ ਤੋਂ ਵਿਸਲੇਸ਼ਣ ਕੀਤਾ ਅਤੇ ਪਾਇਆ ਕਿ ਝਾੜ ਵਿੱਚ ਆਈ ਕਮੀ ਮੌਸਮੀ ਉਲਟ-ਫੇਰ ਦਾ ਸਿੱਟਾ ਹੈ ਅਤੇ ਝੋਨੇ ਦੀ ਲੁਆਈ ਦੀ ਤਰੀਕ ੨੦ ਜੂਨ ਕਰਨ ਦਾ ਝਾੜ ਤੇ ਕੋਈ ਉਲਟਾ ਅਸਰ ਨਹੀ ਪਿਆ ।

ਵਿਸਲੇਸ਼ਣ ਤੋਂ ਪਤਾ ਲੱਗਿਆ ਕਿ ਪੰਜਾਬ ਵਿੱਚ ੨੦੧੭ ਦੇ ਮੁਕਾਬਲੇ ੨੦੧੮ ਵਿੱਚ ਜਿਆਦਾ ਬਾਰਿਸ਼ ਹੋਈ। ਲੁਧਿਆਣਾ ਜ਼ਿਲ੍ਹੇ ਵਿੱਚ ੨੦੧੭ ਵਿੱਚ ਜਿੱਥੇ ੩੯੫ ਮਿਲੀਮੀਟਰ ਬਰਸਾਤ ਹੋਈ ਉੱਥੇ ੨੦੧੮ ਵਿੱਚ ਮਾਨਸੂਨ ਦੀ ਇਹ ਬਾਰਿਸ਼ ੮੪੩ ਮਿਲੀਮੀਟਰ ਮਾਪੀ ਗਈ । ਜ਼ਿਆਦਾ ਦਿਨ ਬਰਸਾਤ ਹੋਣ ਨਾਲ ਬਦਲਵਾਈ ਜ਼ਿਆਦਾ ਰਹੀ ਅਤੇ ਇਸ ਕਾਰਨ ਝੋਨੇ ਦੇ ਵਧਣ-ਫੁੱਲਣ ਸਮੇਂ ਫ਼ਸਲ ਨੂੰ ਸੂਰਜੀ ਰੌਸ਼ਨੀ ਮੁਕਾਬਲਤਨ ਘੱਟ ਮਿਲੀ ਜਿਸ ਨਾਲ ਫਸਲ ਨੇ ਬੂਝਾ ਘੱਟ ਮਾਰਿਆ । ਸੂਰਜੀ ਰੌਸ਼ਨੀ ਦੀ ਘਾਟ ਸਦਕਾ ਪੌਦੇ ਦੇ ਕੱਦ ਦਾ ਵਾਧਾ ਅਤੇ ਸਾਖਾਵਾਂ ਦੀ ਗਿਣਤੀ ਵਿੱਚ ਕਮੀ ਆਈ, ਜਿਸਦਾ ਸਿੱਧਾ ਅਸਰ ਝੋਨੇ ਦੇ ਝਾੜ ਤੇ ਪਿਆ ।

ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਖੋਜ ਅਨੁਸਾਰ ਝਾੜ ਘਟਣ ਦਾ ਦੂਜਾ ਕਾਰਨ ਸਤੰਬਰ ਦੇ ਅਖੀਰਲੇ ਹਫਤੇ ੨੨ ਅਤੇ ੨੮ ਸਤੰਬਰ ਨੂੰ ਹੋਈਆਂ ਦੋ ਭਾਰੀ ਬਰਸਾਤਾਂ ਹਨ, ਜੋ ਕਿ ਪਿਛਲੇ ੫੦ ਸਾਲਾਂ ਵਿੱਚ ਪਹਿਲੀ ਵਾਰ ਦਰਜ ਕੀਤੀਆਂ ਗਈਆਂ । ਇਨ੍ਹਾਂ ਦਿਨਾਂ ਦੌਰਾਨ ਪਈ ਬਾਰਿਸ਼ ਕਾਰਨ ਦਿਨ ਦੇ ਤਾਪਮਾਨ ਵਿੱਚ ੪ ਤੋਂ ੫ ਡਿਗਰੀ ਸੈਂਟੀਗਰੇਡ ਕਮੀ ਆਈ ਅਤੇ ਇਹ ਅੱਧ ਅਕਤੂਬਰ ਤੱਕ ਜਾਰੀ ਰਹੀ । ਜਿਸ ਕਾਰਨ ਖਾਲੀ ਫੋਕੇ ਸਿੱਟਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਫਸਲ ਵੀ ਲੇਟ ਪੱਕੀਙ ਬਾਰਿਸ. ਦੇ ਨਾਲ-ਨਾਲ ਤੇਜ਼ ਹਵਾਵਾਂ ਕਾਰਨ ਫਸਲ ਵੀ ਡਿੱਗ ਗਈ ਅਤੇ ਕਈ ਥਾਵਾਂ ਤੇ ਗੜੇ ਪੈਣ ਕਾਰਨ ਫਸਲ ਨੁਕਸਾਨੀ ਗਈ । ਦਿਨ ਦੇ ੪-੫ ਡਿਗਰੀ ਤਾਪਮਾਨ ਵਿੱਚ ਗਿਰਾਵਟ ਦੇ ਮੁਕਾਬਲੇ ਰਾਤ ਦੇ ਤਾਪਮਾਨ ਵਿੱਚ ਕੇਵਲ ੧ ਤੋਂ ੨ ਡਿਗਰੀ ਤਾਪਮਾਨ ਦੀ ਗਿਰਾਵਟ ਹੀ ਆਈ, ਜਿਸ ਕਰਕੇ ਦਿਨ-ਰਾਤ ਦੇ ਤਾਪਮਾਨ ਦਾ ਫਰਕ ਘਟ ਗਿਆ । ਤਾਪਮਾਨ ਵਿੱਚ ਇਨ੍ਹਾਂ ਤਬਦੀਲੀਆਂ ਨੇ ਬੂਟਿਆਂ ਦੁਆਰਾ ਦਾਣਿਆਂ ਨੂੰ ਭੇਜੇ ਜਾਣ ਵਾਲੇ ਭੋਜਨ ਦੀ ਮਾਤਰਾ ਵਿੱਚ ਗਿਰਾਵਟ ਲਿਆਂਦੀ, ਜਿਸ ਸਦਕਾ ਦਾਣਿਆਂ ਦਾ ਭਾਰ ਘੱਟ ਰਿਹਾ ਅਤੇ ਇਹੀ ਝਾੜ ਘਟਣ ਦਾ ਇੱਕ ਹੋਰ ਕਾਰਨ ਬਣਿਆ ।

ਵਿਗਿਆਨੀਆਂ ਨੇ ਦੱਸਿਆ ਕਿ ਮੌਸਮੀ ਘਟਨਾਵਾਂ ਜਿਸ ਵਿੱਚ ਝੋਨੇ ਦੇ ਵਧਣ-ਫੁੱਲਣ ਸਮੇਂ ਸੂਰਜੀ ਰੌਸ਼ਨੀ ਦਾ ਘਟਣਾ ਅਤੇ ਨਿਸਰਣ ਸਮੇਂ ਪਈਆਂ ਭਾਰੀ ਬਾਰਿਸ਼ਾਂ ਅਤੇ ਗੜ੍ਹਿਆਂ ਕਾਰਨ ਤਾਪਮਾਨ ਦਾ ਡਿੱਗਣਾ ਹੀ ਝੋਨੇ ਦੇ ਝਾੜ ਘਟਣ ਦਾ ਮੁੱਖ ਕਾਰਨ ਬਣਿਆ । ਉਨ੍ਹਾਂ ਪਾਇਆ ਕਿ ਮੌਸਮ ਵਿੱਚ ਇਸ ਤਰ੍ਹਾਂ ਦੀ ਸਥਿਤੀ ਕਈ ਦਹਾਕਿਆਂ ਬਾਅਦ ਬਣਦੀ ਹੈ । ਖੇਤੀ ਵਿਗਿਆਨੀਆਂ ਨੇ ਨਤੀਜਾ ਕੱਢਿਆ ਕਿ ਯੂਨੀਵਰਸਿਟੀ ਵੱਲੋਂ ਕੀਤੇ ਗਏ ਸਾਰੇ ਤਜ਼ਰਬਿਆਂ ਅਨੁਸਾਰ ਝੋਨੇ ਦੀ ਲੁਆਈ ਦੇ ਸਮੇਂ ਵਿੱਚ ਕੀਤੀ ਤਬਦੀਲੀ ਝੋਨੇ ਦੀ ਪੈਦਾਵਾਰ ਅਤੇ ਪਾਣੀ ਦੀ ਬੱਚਤ ਪੱਖੋਂ ਵਧੀਆ ਉਪਰਾਲਾ ਹੈ । ਇਨ੍ਹਾਂ ਦਲੀਲਾਂ ਦੇ ਮੱਦੇਨਜ਼ਰ ਇਸ ਸਾਲ ਮੌਸਮੀ ਉਲਟ-ਫੇਰ ਤੋਂ ਘਬਰਾ ਕੇ, ਪਾਣੀ ਬਚਾਉਣ ਦੇ ਉਦੇਸ਼ ਤੋਂ ਲਾਂਭੇ ਨਹੀ ਹੋਣਾ ਚਾਹੀਦਾ ਬਲਕਿ ਪੰਜਾਬ ਦੀ ਖੇਤੀ ਦੀ ਸਥਿਰਤਾ ਲਈ ਪਾਣੀ ਦੇ ਵਸੀਲਿਆਂ ਨੂੰ ਬਚਾ ਕੇ ਰੱਖਣ ਸਬੰਧੀ ਦੂਰ-ਅੰਦੇਸ਼ੀ ਸਮਝ ਬਣਾ ਕੇ ਰੱਖਣੀ ਲੋੜੀਂਦੀ ਹੈ ।

ਝੋਨੇ ਦੀ ਲੁਆਈ ਦੀ ਤਰੀਕ ੨੦ ਜੂਨ ਕਰਨ ਸਬੰਧੀ ਕੀਤੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਈ ਕਿ ਸੇਮ ਨਾਲ ਪ੍ਰਭਾਵਿਤ ਮੁਕਤਸਰ ਅਤੇ ਫਾਜਿਲਕਾ ਜਿਲ੍ਹਿਆਂ ਦੇ ਪਿੰਡ ਜਿੱਥੇ ਪਹਿਲੀ ਜੂਨ ਤੋਂ ਝੋਨਾ ਲਾਉਣ ਦੀ ਇਜਾਜਤ ਦਿੱਤੀ ਗਈ ਸੀ, ਉੱਥੇ ਵੀ ਝੋਨੇ ਦੇ ਝਾੜ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ । ਇਸੇ ਤਰ੍ਹਾਂ ਹਰਿਆਣਾ ਰਾਜ ਜਿੱਥੇ ਝੋਨਾਂ ੧੦ ਜੂਨ ਨੂੰ ਹੀ ਲਗਾਇਆ ਗਿਆ, ਉੱਥੇ ਵੀ ਝੋਨੇ ਦੇ ਝਾੜ ਵਿੱਚ ਕਮੀ ਪਾਈ ਗਈ ਹੈ । ਪੰਜਾਬ ਵਿੱਚ ਮਿਤੀ ੩੦ ਨਵੰਬਰ ਤੱਕ ਝੋਨੇ ਦੇ ਝਾੜ ਵਿੱਚ ੨.੪੮ ਫੀਸਦੀ ਕਮੀ ਦਰਜ ਹੋਈ ਉੱਥੇ ਹਰਿਆਣਾ ਰਾਜ ਵਿੱਚ ਲਗਭਗ ਇੰਨੀ ਹੀ ਕਮੀ ਦਰਜ ਹੋਈ ਹੈ । ਵਿਗਿਆਨੀਆਂ ਅਨੁਸਾਰ ਝੋਨੇ ਦੀ ਤਰੀਕ ੨੦ ਜੂਨ ਕਰਨ ਦਾ ਝੋਨੇ ਦੇ ਘਟੇ ਝਾੜ ਨਾਲ ਕੋਈ ਸਬੰਧ ਨਹੀ ਹੈ ਸਗੋਂ ਇਸ ਤਰ੍ਹਾਂ ਕਰਨ ਨਾਲ ਧਰਤੀ ਹੇਠਲੇ ਪਾਣੀ ਦੇ ਦਿਨੋਂ ਦਿਨ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਵਿੱਚ ਮਦਦ ਮਿਲੀ ਹੈ ।

ਯੂਨੀਵਰਸਿਟੀ ਅਨੁਸਾਰ ਇਸ ਸਾਲ ਵਕਤੀ ਤੌਰ ਤੇ ਝੋਨੇ ਦਾ ਥੋੜਾ ਝਾੜ ਘਟਣ ਦੇ ਤੱਥਾਂ ਅਧਾਰਤ ਕਾਰਨਾਂ ਨੂੰ ਜੇਕਰ ਅੱਖੋਂ ਪਰੋਖੇ ਕਰ ਦਿੱਤਾ ਗਿਆ ਤਾਂ ਧਰਤੀ ਹੇਠਲੇ ਪਾਣੀ ਦੇ ਬੇਸ਼ਕੀਮਤੀ ਸੋਮੇ ਨੂੰ ਬਚਾਉਣ ਸਬੰਧੀ ਨੀਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸਦਾ ਉਲਟਾ ਅਸਰ ਪੰਜਾਬ ਦੀ ਖੇਤੀ ਦੀ ਹੰਢਣਸਾਰਤਾ ਤੇ ਪੈ ਸਕਦਾ ਹੈ ।

Technology Marketing
and IPR Cell
  © Punjab Agricultural University Disclaimer | Privacy Policy | Contact Us