Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਖੋਜ, ਸਿੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਾਂਝ ਦੀਆਂ ਅਸੀਮ ਸੰਭਾਵਨਾਵਾਂ : ਪ੍ਰੋ. ਓਹਾਦ; ਇਜ਼ਰਾਇਲ ਦੇ ਵਫ਼ਦ ਨੇ ਕੀਤਾ ਪੀਏਯੂ ਦਾ ਦੌਰਾ
06-12-2018 Read in English

ਅੱਜ ਇਜ਼ਰਾਇਲ ਦੀ ਤੇਲ ਅਵੀਵ ਯੂਨੀਵਰਸਿਟੀ ਤੋਂ ਛੇ ਮੈਂਬਰੀ ਇੱਕ ਵਫ਼ਦ ਨੇ ਪੀਏਯੂ ਦਾ ਦੌਰਾ ਕੀਤਾ । ਇਸ ਵਫ਼ਦ ਦੀ ਅਗਵਾਈ ਨੀਰ ਓਹਾਦ ਨਿਰਦੇਸ਼ਕ ਮੌਲੀਕਿਊਲਰ ਬਾਇਓਲੋਜੀ ਵਿਭਾਗ ਕਰ ਰਹੇ ਸਨ। ਇਸ ਵਫ਼ਦ ਨੇ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਖੋਜ ਲਈ ਸਾਂਝ ਦੀਆਂ ਸੰਭਾਵਨਾਵਾਂ ਤੇ ਵਿਚਾਰ ਕੀਤਾ । ਪਟਿਆਲਾ ਦੇ ਥਾਪਰ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਤਕਨਾਲੋਜੀ ਦੇ ਅਧਿਆਪਕ ਵੀ ਇਸ ਦੌਰੇ ਮੌਕੇ ਇਜ਼ਰਾਇਲੀ ਵਫ਼ਦ ਦੇ ਨਾਲ ਸਨ ।

ਪੀਏਯੂ ਅਤੇ ਤੇਲ ਅਵੀਵ ਯੂਨੀਵਰਸਿਟੀ ਵਿਚਕਾਰ ਸਾਂਝ ਬਾਰੇ ਗੱਲ ਕਰਦਿਆਂ ਪ੍ਰੋ. ਓਹਾਦ ਨੇ ਦੱਸਿਆ ਕਿ ਖੋਜ, ਸਿੱਖਿਆ ਅਤੇ ਪਸਾਰ ਤਿੰਨ ਅਜਿਹੇ ਖੇਤਰ ਹਨ ਜਿਨ੍ਹਾਂ ਵਿੱਚ ਪਰਸਪਰ ਸਹਿਯੋਗ ਦੀਆਂ ਅਸੀਮ ਸੰਭਾਵਨਾਵਾਂ ਹਨ । ਉਹਨਾਂ ਨੇ ਵਿਸ਼ੇਸ਼ ਤੌਰ ਤੇ ਭੋਜਨ ਸੁਰੱਖਿਆ ਸੰਬੰਧੀ ਖੋਜੀਆਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਉਪਰ ਜ਼ੋਰ ਦਿੰਦਿਆਂ ਤੇਲ ਅਵੀਵ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਬਾਰੇ ਖੁੱਲ ਕੇ ਗੱਲ ਕੀਤੀ ।

ਪੋਸਟ ਹਾਰਵੈਸਟ ਸਾਇੰਸ ਵਿਭਾਗ ਦੇ ਮੁਖੀ ਹਯਾ ਫਰੀਡਮੈਨ ਨੇ ਭੋਜਨ ਸੰਭਾਲ ਦੇ ਖੇਤਰ ਦੀਆਂ ਨਵੀਨ ਖੋਜਾਂ ਬਾਰੇ ਗੱਲ ਕਰਦਿਆਂ ਭੋਜਨ ਦੇ ਮਿਆਰ ਅਤੇ ਜੀਵਾਣੂੰਆਂ ਤੋਂ ਸੁਰੱਖਿਆ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ । ਉਹਨਾਂ ਨੇ ਇਹ ਵੀ ਦੱਸਿਆ ਕਿ ਇਜ਼ਰਾਇਲ ਵਿੱਚ ਅਨਾਜ ਸਟੋਰੇਜ ਦੌਰਾਨ ਸਿਰਫ਼ ਇੱਕ ਪ੍ਰਤੀਸ਼ਤ ਅਨਾਜ ਖਰਾਬ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਇਸ ਦਾ ਕਾਰਨ ਉਥੇ ਅਪਨਾਈਆਂ ਜਾਣ ਵਾਲੀਆਂ ਉਚ ਪੱਧਰੀ ਤਕਨੀਕਾਂ ਹਨ ।

ਇਯਾਲ ਫਰੀਡਮੈਨ ਨੇ ਇਜ਼ਰਾਇਲੀ ਪੁਲਾੜ ਏਜੰਸੀ ਦੀ ਯੂਰਪੀਅਨ ਪੁਲਾੜ ਏਜੰਸੀਆਂ ਅਤੇ ਨਾਸਾ ਨਾਲ ਭੂਮੀ ਦੀ ਪੈਮਾਇਸ਼, ਉਪਜਾਊਪਨ ਅਤੇ ਨਮੀ ਬਾਰੇ ਖੋਜ ਲਈ ਰਿਮੋਟ ਸੈਂਸਿੰਗ ਦੇ ਖੇਤਰ ਵਿੱਚ ਸਾਂਝ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ।

ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਜ਼ਰਾਇਲ ਅਤੇ ਪੰਜਾਬ ਦੀ ਆਬੋ ਹਵਾ ਦੀਆਂ ਸਾਂਝੀਆਂ ਸਥਿਤੀਆਂ ਦੀ ਗੱਲ ਕਰਦਿਆਂ ਦੋਵਾਂ ਸੰਸਥਾਵਾਂ ਵਿਚਕਾਰ ਸਾਂਝੇ ਖੋਜ ਦੇ ਭਵਿੱਖ ਬਾਰੇ ਆਸ ਪ੍ਰਗਟ ਕੀਤੀ । ਉਹਨਾਂ ਨੇ ਇਹ ਵੀ ਕਿਹਾ ਕਿ ਬਾਗਬਾਨੀ ਅਤੇ ਵਾਢੀ ਤੋਂ ਬਾਅਦ ਫ਼ਸਲ ਪ੍ਰਬੰਧ ਦੇ ਨਾਲ-ਨਾਲ ਸੈਂਸਰ ਆਧਾਰਿਤ ਤਕਨਾਲੋਜੀ ਦੇ ਖੇਤਰ ਵਿੱਚ ਵਿਗਿਆਨੀਆਂ ਅਤੇ ਵਿਦਿਆਰਥੀਆਂ ਦਾ ਆਦਾਨ ਪ੍ਰਦਾਨ ਕਰਨਾ ਦੋਵਾਂ ਸੰਸਥਾਵਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ।

ਥਾਪਰ ਇੰਸਟੀਚਿਊਟ ਦੇ ਬਾਇਓਤਕਨਾਲੋਜੀ ਦੇ ਪ੍ਰੋਫੈਸਰ ਡਾ. ਐਮ ਐਸ ਰੈਡੀ ਨੇ ਕਿਹਾ ਭੋਜਨ ਸੁਰੱਖਿਆ ਦੇ ਮਾਮਲੇ ਵਿੱਚ ਪੀਏਯੂ ਅਤੇ ਤੇਲ ਅਵੀਵ ਯੂਨੀਵਰਸਿਟੀ ਵਿਚਕਾਰ ਹੋਣ ਵਾਲੀ ਸਾਂਝੀ ਖੋਜ ਇਸ ਖੇਤਰ ਵਿੱਚ ਕੀਤੇ ਜਾਣ ਵਾਲੇ ਕਾਰਜਾਂ ਨੂੰ ਹੋਰ ਮਜ਼ਬੂਤ ਬਨਾਉਣ ਦੇ ਸਮਰਥ ਹੋਵੇਗੀ ।

ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਪੀਏਯੂ ਦੇ ਸੀਨੀਅਰ ਵਿਗਿਆਨੀਆਂ ਅਤੇ ਸੰਸਥਾ ਵੱਲੋਂ ਭਵਿਖਮੁਖੀ ਕੰਮਾਂ ਨਾਲ ਜਾਣ-ਪਛਾਣ ਕਰਾਉਂਦਿਆਂ ਇਜ਼ਰਾਇਲ ਦੇ ਵੋਲਕਾਨੀ ਕੇਂਦਰ ਨਾਲ ਕੀਤੇ ਜਾਣ ਵਾਲੇ ਸਮਝੌਤੇ ਬਾਰੇ ਜਾਣਕਾਰੀ ਦਿੱਤੀ ।

ਬਾਅਦ ਵਿੱਚ ਇਸ ਵਫ਼ਦ ਨੇ ਫ਼ਸਲ ਅਜਾਇਬ ਘਰ, ਖੁੰਬ ਉਤਪਾਦਨ ਯੂਨਿਟ, ਖੇਤੀਬਾੜੀ ਬਾਇਓਤਕਨਾਲੋਜੀ ਸਕੂਲ, ਭੋਜਨ ਉਦਯੋਗ ਕੇਂਦਰ, ਭੋਜਨ ਇੰਜਨੀਅਰਿੰਗ ਅਤੇ ਪ੍ਰੋਸੈਸਿੰਗ ਵਿਭਾਗ, ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ, ਭੂਮੀ ਅਤੇ ਪਾਣੀ ਇੰਜਨੀਅਰਿੰਗ ਵਿਭਾਗ ਦਾ ਦੌਰਾ ਕੀਤਾ। ਵਫ਼ਦ ਨੇ ਪੀਏਯੂ ਵੱਲੋਂ ਕੀਤੇ ਜਾ ਰਹੇ ਖੋਜ, ਅਧਿਆਪਨ ਅਤੇ ਪਸਾਰ ਕਾਰਜਾਂ ਸੰਬੰਧੀ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਆਪਸੀ ਸਾਂਝ ਦੀਆਂ ਸੰਭਾਵਨਾਵਾਂ ਦੀ ਪੇਸ਼ਕਸ਼ ਕੀਤੀ । ਪੀਏਯੂ ਦੇ ਉਚ ਅਧਿਕਾਰੀਆਂ ਵੱਲੋਂ ਇਸ ਵਫ਼ਦ ਨੂੰ ਪ੍ਰਕਾਸ਼ਨਾਵਾਂ ਦੇ ਸੈਟ ਨਾਲ ਨਿਵਾਜਿਆ ਗਿਆ ।

Technology Marketing
and IPR Cell
  © Punjab Agricultural University Disclaimer | Privacy Policy | Contact Us