Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home All Events / ਸਾਰੀਆਂ ਖ਼ਬਰਾਂ
ਗੁਲਦਾਉਦੀ ਦੇ ਰੰਗਾਂ ਨਾਲ ਰੰਗੀਨ ਹੋਇਆ ਪੀਏਯੂ ਕੈਂਪਸ; ਵਾਈਸ ਚਾਂਸਲਰ ਨੇ ਕੀਤਾ 23ਵੇਂ ਗੁਲਦਾਉਦੀ ਸ਼ੋਅ ਦਾ ਉਦਘਾਟਨ
28-11-2018 Read in English

ਕੁਦਰਤ ਅਤੇ ਮਨੁੱਖ ਦਾ ਰਿਸ਼ਤਾ ਆਦਿ-ਜੁਗਾਦੀ ਹੈ । ਅਜੋਕੀ ਤਣਾਅ ਭਰੀ ਜ਼ਿੰਦਗੀ ਤੋਂ ਨਿਜਾਤ ਪਾਉਣ ਲਈ ਸਾਨੂੰ ਕੁਦਰਤ ਨਾਲ ਜੁੜਨਾ ਹੀ ਪਵੇਗਾ । ਪੀਏਯੂ ਦਾ ਗੁਲਦਾਉਦੀ ਸ਼ੋਅ ਇਸ ਦਿਸ਼ਾ ਵਿੱਚ ਵੱਡਾ ਕਦਮ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਅੱਜ ਓਪਨ ਏਅਰ ਥੀਏਟਰ ਵਿਖੇ 23ਵੇਂ ਗੁਲਦਾਉਦੀ ਸ਼ੋਅ ਦਾ ਉਦਘਾਟਨ ਕਰਨ ਸਮੇਂ ਕੀਤਾ । ਇਹ ਸ਼ੋਅ ਪੀਏਯੂ ਦੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਅਸਟੇਟ ਆਰਗੇਨਾਈਜ਼ੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਡਾ. ਢਿੱਲੋਂ ਨੇ ਆਪਣੇ ਭਾਸ਼ਣ ਵਿੱਚ ਫੁੱਲਾਂ ਨੂੰ ਕੁਦਰਤ ਦੀ ਮਨਮੋਹਣੀ ਸੌਗਾਤ ਕਿਹਾ । ਉਹਨਾਂ ਯਾਦ ਦਿਵਾਇਆ ਕਿ ਕੁਦਰਤ ਦੇ ਸਭ ਤੋਂ ਵੱਡੇ ਪੰਜਾਬੀ ਕਵੀ ਭਾਈ ਵੀਰ ਸਿੰਘ ਨੇ ਫੁੱਲਾਂ ਬਾਬਤ ਜੋ ਕਵਿਤਾਵਾਂ ਲਿਖੀਆਂ ਹਨ ਉਹਨਾਂ ਵਿੱਚੋਂ ਗੁਲਦਾਉਦੀ ਬਾਰੇ ਲਿਖੀਆਂ ਕਵਿਤਾਵਾਂ ਸਦੀਵੀ ਪ੍ਰੇਰਨਾ ਦੇਣ ਵਾਲੀਆਂ ਹਨ । ਡਾ. ਢਿੱਲੋਂ ਨੇ ਫੁੱਲਾਂ ਨੂੰ ਮਨੁੱਖਤਾ ਲਈ ਸ਼ਾਤੀ ਤੇ ਭਾਈਚਾਰੇ ਦਾ ਸੰਦੇਸ਼ ਕਿਹਾ ਅਤੇ ਬਾਹਰੋਂ ਆਏ ਫੁੱਲ ਪ੍ਰੇਮੀਆਂ ਨੂੰ ਹੋਰ ਫੁੱਲ ਉਗਾਉਣ ਲਈ ਪ੍ਰੇਰਿਤ ਕੀਤਾ । ਫੁੱਲ ਪ੍ਰੇਮੀਆਂ ਨੂੰ ਫੁੱਲਾਂ ਦੀ ਵਪਾਰਕ ਖੇਤੀ ਲਈ ਫਲੋਰੀਕਲਚਰ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ । ਇਸ ਮੌਕੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ, ਜਾਣੇ ਪਛਾਣੇ ਅਰਥ-ਸਾਸ਼ਤਰੀ ਅਤੇ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਡਾ. ਜੌਹਲ ਨੇ ਪੀਏਯੂ ਨੂੰ ਖੇਤੀ ਦੇ ਨਾਲ-ਨਾਲ ਸਮਾਜ ਨੂੰ ਸੇਧ ਦੇਣ ਵਾਲਾ ਅਦਾਰਾ ਕਿਹਾ ਤੇ ਇਸ ਸ਼ੋਅ ਦੀ ਪਰੰਪਰਾ ਜਾਰੀ ਰੱਖਣ ਲਈ ਵਿਭਾਗ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ, ਡਾ. ਅਜੇਪਾਲ ਸਿੰਘ ਗਿੱਲ, ਡਾ. ਜੇ ਐਸ ਅਰੋੜਾ, ਡਾ. ਰਮੇਸ਼ ਕੁਮਾਰ, ਡਾ. ਮਨਧੀਰ ਸਿੰਘ, ਡਾ. ਜੇ ਐਸ ਬਿਲਗਾ ਤੇ ਡਾ. ਸ.ਪ. ਸਿੰਘ ਦੁਸਾਂਝ ਤੋਂ ਬਿਨਾਂ ਭਾਰੀ ਗਿਣਤੀ ਵਿੱਚ ਵਿਦਿਆਰਥੀ ਤੇ ਅਧਿਆਪਕ ਮੌਜੂਦ ਸਨ ।

ਪੀਏਯੂ ਦੇ ਫਲੋਰੀਕਲਚਰ ਵਿਭਾਗ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਜਿਨ੍ਹਾਂ ਵਿੱਚ ਡਾ. ਮਧੂ ਬਾਲਾ ਅਤੇ ਡਾ. ਐਚ ਐਸ ਗਰੇਵਾਲ ਦੀ ਕਿਤਾਬ 'ਗੁਲਦਾਉਦੀ', ਡਾ. ਆਰ ਕੇ ਦੂਬੇ ਅਤੇ ਡਾ. ਐਚ ਐਸ ਗਰੇਵਾਲ ਦੀ ਕਿਤਾਬ 'ਸਜਾਵਟੀ ਬੂਟਿਆਂ ਦੀ ਲੈਂਡਸਕੇਪਿੰਗ ਵਿੱਚ ਵਰਤੋਂ' ਅਤੇ ਡਾ. ਰਣਜੀਤ ਸਿੰਘ ਤੇ ਡਾ. ਤਾਨਯਾ ਠਾਕੁਰ ਦਾ ਕਿਤਾਬਚਾ, 'ਡਾ. ਮਹਿੰਦਰ ਸਿੰਘ ਰੰਧਾਵਾ ਬੋਗਨਵਿਲੀਆ ਗਾਰਡਨ' ਰਿਲੀਜ਼ ਕੀਤਾ ਗਿਆ । ਇਸ ਸ਼ੋਅ ਵਿੱਚ ਗੁਲਦਾਉਦੀ ਦੀਆਂ 100 ਤੋਂ ਵਧੇਰੇ ਕਿਸਮਾਂ 3000 ਗਮਲਿਆਂ ਵਿੱਚ ਦਰਸ਼ਕਾਂ ਲਈ ਪੇਸ਼ ਕੀਤੀਆਂ ਗਈਆਂ ਸਨ । ਵਿਭਾਗ ਦੇ ਮੁਖੀ ਡਾ. ਐਚ ਐਸ ਗਰੇਵਾਲ ਨੇ ਫਲੋਰੀਕਲਚਰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਦੱਸਿਆ । ਉਹਨਾਂ ਨਵੀਆਂ ਕਿਸਮਾਂ ਦੀ ਖੋਜ ਅਤੇ ਪਸਾਰ ਬਾਰੇ ਵਿਭਾਗ ਦੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਵੀ ਕੀਤਾ ।

ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਪੀਏਯੂ ਵੱਲੋਂ ਇਸ ਸਾਲ ਗੁਲਦਾਉਦੀ ਦੀਆਂ ਦੋ ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ । ਇਹਨਾਂ ਵਿੱਚ ਖੁੱਲ੍ਹੀ ਖੇਤੀ ਲਈ 'ਪੰਜਾਬ ਸ਼ਿੰਗਾਰ' ਅਤੇ ਗਮਲਿਆਂ ਵਿੱਚ ਬੀਜਣ ਲਈ 'ਪੰਜਾਬ ਮੋਹਿਨੀ' ਪ੍ਰਮੁੱਖ ਹਨ ।

ਸ਼ੋਅ ਦੇ ਕੁਆਰਡੀਨੇਟਰ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ 14 ਵੱਖ-ਵੱਖ ਵਰਗਾਂ ਵਿੱਚ ਇੱਕ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ 200 ਤੋਂ ਵਧੇਰੇ ਦਾਖਲੇ ਹੋਏ । ਮੁੱਖ ਤੌਰ ਤੇ ਜਿਨ੍ਹਾਂ ਸੰਸਥਾਵਾਂ ਨੇ ਹਿੱਸਾ ਲਿਆ ਉਹਨਾਂ ਵਿੱਚ ਡੀ ਏ ਵੀ ਸਕੂਲ ਬੀ ਆਰ ਐਸ ਨਗਰ, ਡੀ ਏ ਵੀ ਪਬਲਿਕ ਸਕੂਲ ਪੱਖੋਵਾਲ ਰੋਡ ਲੁਧਿਆਣਾ, ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ, ਗੁਰੂ ਨਾਨਕ ਸਕੂਲ ਬੀਰਮੀ, ਵੇਰਕਾ ਮਿਲਕ ਪਲਾਂਟ, ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਆਦਿ ਪ੍ਰਮੁੱਖ ਹਨ ।

ਇਨਾਮ ਵੰਡ ਸਮਾਰੋਹ 29 ਨਵੰਬਰ ਨੂੰ ਕੀਤਾ ਜਾਵੇਗਾ ਜਿਸ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਮੁੱਖ ਮਹਿਮਾਨ ਹੋਣਗੇ । ਬਾਹਰੋਂ ਆਏ ਫੁੱਲ ਪ੍ਰੇਮੀ ਇਸ ਸ਼ੋਅ ਦੌਰਾਨ ਜਾਂ ਵਿਭਾਗ ਦੇ ਖੋਜ ਫਾਰਮ ਤੋਂ ਗੁਲਦਾਉਦੀ ਦੇ ਫੁੱਲਾਂ ਦੇ ਗਮਲੇ ਖਰੀਦ ਸਕਦੇ ਹਨ ।

Technology Marketing
and IPR Cell
  © Punjab Agricultural University Disclaimer | Privacy Policy | Contact Us