13ਵੀਂ ਮੱਕੀ ਕਾਨਫਰੰਸ ਅੱਜ ਆਰੰਭ ਹੋਈ । ਇਹ ਕਾਨਫਰੰਸ ਭਾਰਤੀ ਖੇਤੀ ਖੋਜ ਕੌਂਸਲ, ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੇਂਦਰ ਅਤੇ ਪੀਏਯੂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਇਸ ਕਾਨਫਰੰਸ ਵਿੱਚ ਏਸ਼ੀਆ ਵਿੱਚ ਪਸ਼ੂਆਂ ਦੇ ਚਾਰੇ, ਪੌਸ਼ਟਿਕ ਖੁਰਾਕ ਅਤੇ ਵਾਤਾਵਰਣ ਦੀਆਂ ਲੋੜਾਂ ਲਈ ਮੱਕੀ ਦੇ ਉਤਪਾਦਨ ਦੀ ਲੋੜ ਅਤੇ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਕੀਤੀ ਜਾ ਰਹੀ ਹੈ । ਹੋਟਲ ਰੈਡੀਸਨ ਬਲੂ ਵਿੱਚ ਆਰੰਭ ਹੋਈ ਇਸ ਕਾਨਫਰੰਸ ਵਿੱਚ ਏਸ਼ੀਆ ਦੇ ਕਈ ਮੱਕੀ ਉਤਪਾਦਕ ਦੇਸ਼ਾਂ ਤੋਂ 275 ਡੈਲੀਗੇਟ ਹਿੱਸਾ ਲੈ ਰਹੇ ਹਨ ।
ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਖੇਤੀ ਖੋਜ ਅਤੇ ਸਿੱਖਿਆ ਵਿਭਾਗ ਦੇ ਸਕੱਤਰ ਅਤੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਡਾ. ਤਿਰਲੋਚਨ ਮੋਹਪਾਤਰਾ ਨੇ ਕਿਹਾ ਕਿ 1950ਵਿਆਂ ਦੇ ਦੌਰ ਵਿੱਚ ਜਦੋਂ ਭਾਰਤ ਵਿੱਚ ਭੋਜਨ ਸੰਬੰਧੀ ਅਸੁਰੱਖਿਆ ਦਾ ਮਾਹੌਲ ਸੀ ਉਦੋਂ ਤੋਂ ਹੀ ਵਿਗਿਆਨੀ ਨੂੰ ਮੱਕੀ ਦੇ ਉਤਪਾਦਨ ਅਤੇ ਉਸਦੇ ਮਿਆਰ ਸੰਬੰਧੀ ਨਵੀਆਂ ਤਕਨੀਕਾਂ ਦੇ ਵਿਕਾਸ ਲਈ ਯਤਨਸ਼ੀਲ ਰਹੇ ਹਨ । ਉਹਨਾਂ ਨੇ ਵਿਗਿਆਨੀਆਂ ਨੂੰ ਸਾਉਣੀ ਦੇ ਸੀਜ਼ਨ ਵਿੱਚ 5 ਟਨ ਪ੍ਰਤੀ ਹੈਕਟੇਅਰ ਮੱਕੀ ਦੇ ਝਾੜ ਲਈ ਕਾਰਜ ਕਰਨ ਦਾ ਸੱਦਾ ਦਿੱਤਾ । ਪਾਕਿਸਤਾਨ ਅਤੇ ਚੀਨ ਦੀ ਉਦਾਹਰਣ ਦਿੰਦਿਆਂ ਡਾ. ਮੋਹਪਾਤਰਾ ਨੇ ਪਬਲਿਕ ਪ੍ਰਾਈਵੇਟ ਸਾਂਝੀਦਾਰੀ ਪ੍ਰਬੰਧ ਵਿਕਸਿਤ ਕਰਕੇ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੇ ਉਤਪਾਦਨ ਲਈ ਵਿਗਿਆਨੀਆਂ ਨੂੰ ਉਤਸ਼ਾਹਿਤ ਕੀਤਾ।
ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੇਂਦਰ ਦੇ ਨਿਰਦੇਸ਼ਕ ਡਾ. ਬੀ ਐਮ ਪ੍ਰਸੰਨਾ ਨੇ ਇਸ ਕਾਨਫਰੰਸ ਵਿੱਚ ਵਿਚਾਰੇ ਜਾ ਰਹੇ ਵੱਖ-ਵੱਖ ਵਿਸ਼ਿਆਂ ਉਪਰ ਚਾਨਣਾ ਪਾਇਆ । ਉਹਨਾਂ ਨੇ ਕਿਹਾ ਕਿ ਕਿਸਮ ਸੁਧਾਰ ਤੋਂ ਲੈ ਕੇ ਪੌਣ ਪਾਣੀ ਦੇ ਬਦਲਾਅ ਤੱਕ ਦੇ ਵਿਸ਼ਿਆਂ ਨੂੰ ਇਸ ਕਾਨਫਰੰਸ ਵਿੱਚ ਵਿਚਾਰਿਆ ਜਾ ਰਿਹਾ ਹੈ । ਇਸ ਦੇ ਨਾਲ ਹੀ ਉਹਨਾਂ ਨੇ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਦੇ ਮਹੱਤਵ ਅਤੇ ਢੁੱਕਵੀਂ ਮਸ਼ੀਨਰੀ ਦੇ ਵਿਕਾਸ ਨੂੰ ਵੀ ਮੱਕੀ ਦੇ ਸੁਚੱਜੇ ਉਤਪਾਦਨ ਲਈ ਅਹਿਮ ਪੱਖ ਕਿਹਾ ।
ਮੱਕੀ ਅਤੇ ਕਣਕ ਵਿਕਾਸ ਦੇ ਅੰਤਰਰਾਸ਼ਟਰੀ ਕੇਂਦਰ ਦੇ ਡਾਇਰੈਕਟਰ ਜਨਰਲ ਮਾਰਟਿਨ ਕਰੌਪਫ ਨੇ ਦੱਸਿਆ ਕਿ ਏਸ਼ੀਆ ਵਿੱਚ ਜੇਕਰ ਇੱਕ ਪਾਸੇ ਮੱਕੀ ਦੀ ਮੰਗ ਜ਼ਿਆਦਾ ਹੈ ਤਾਂ ਦੂਜੇ ਪਾਸੇ ਉਤਪਾਦਨ ਦੀ ਦਰ ਵੀ ਉਚੀ ਹੈ । ਏਸ਼ੀਆ ਵਿੱਚ ਹਰ ਵਰ੍ਹੇ 5.2 ਪ੍ਰਤੀਸ਼ਤ ਉਤਪਾਦਨ ਵਾਧਾ ਹੋ ਰਿਹਾ ਹੈ ਜੋ ਵਿਸ਼ਵ ਵਿੱਚ 3.5 ਪ੍ਰਤੀਸ਼ਤ ਵਾਧੇ ਨਾਲੋਂ ਬਿਹਤਰ ਹੈ ਪਰ 2050 ਤੱਕ ਮੱਕੀ ਦੀ ਡਿਮਾਂਡ ਦੌਗੁਣੀ ਹੋ ਜਾਵੇਗੀ । ਇਸ ਲਈ ਮੌਸਮ ਦੇ ਬਦਲਾਅ ਅਨੁਸਾਰ ਸਾਨੂੰ ਉਤਪਾਦਨ ਦੀਆਂ ਤਕਨੀਕਾਂ ਵਿੱਚ ਵਿਕਾਸ ਕਰਨ ਦੀ ਲੋੜ ਹੈ ।
ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਸਵਾਗਤੀ ਟਿੱਪਣੀ ਕਰਦਿਆਂ ਇਸ ਕਾਨਫਰੰਸ ਨੂੰ 24 ਸਾਲ ਬਾਅਦ ਭਾਰਤ ਵਿੱਚ ਕਰਵਾਏ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ । ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਪੀਏਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੂੰ 'ਮੇਜ਼ ਚੈਪੀਅਨ ਆਫ਼ ਏਸ਼ੀਆ' ਪੁਰਸਕਾਰ ਨਾਲ ਨਿਵਾਜ਼ਿਆ ਗਿਆ । ਇਹ ਪੁਰਸਕਾਰ ਮੱਕੀ ਦੀ ਕਿਸਮ ਸੁਧਾਰ ਦੇ ਖੇਤਰ ਵਿੱਚ ਉਹਨਾਂ ਵੱਲੋਂ ਕੀਤੇ ਸ਼ਾਨਦਾਰ ਕੰਮਾਂ ਲਈ ਪ੍ਰਦਾਨ ਕੀਤਾ ਗਿਆ । ਡਾ. ਢਿੱਲੋਂ ਨੇ ਆਪਣੇ ਅਧਿਆਪਕਾਂ ਅਤੇ ਸਹਿਕਰਮੀਆਂ ਦਾ ਧੰਨਵਾਦ ਕਰਦਿਆਂ ਇਸ ਗੱਲ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਕਿ ਉਹਨਾਂ ਨੇ ਮੱਕੀ ਵਰਗੀ ਫ਼ਸਲ ਲਈ ਕੰਮ ਕੀਤਾ ਹੈ ਜੋ ਮਨੁੱਖਤਾ ਦੇ ਪੋਸ਼ਣ ਵਿੱਚ ਵੱਡਾ ਹਿੱਸਾ ਪਾਉਂਦੀ ਰਹੀ ਹੈ । ਉਹਨਾਂ ਨੇ ਇਸ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਡੈਲੀਗੇਟਾਂ ਦਾ ਸਵਾਗਤ ਕਰਦਿਆਂ ਬਦਲਦੇ ਪੌਣ-ਪਾਣੀ ਮੁਤਾਬਕ ਮੱਕੀ ਦੀਆਂ ਕਿਸਮਾਂ ਦੇ ਵਿਕਾਸ ਅਤੇ ਸੁਧਾਰ ਲਈ ਵਿਗਿਆਨੀਆਂ ਨੂੰ ਡੱਟ ਜਾਣ ਦਾ ਸੱਦਾ ਦਿੱਤਾ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਮੱਕੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਸੁਜੇਯ ਰਕਸ਼ਿਤ ਨੇ ਪ੍ਰਬੰਧਕਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ । ਤਕਨੀਕੀ ਸੈਸ਼ਨਾਂ ਤੋਂ ਬਿਨਾਂ ਇਸ ਕਾਨਫਰੰਸ ਵਿੱਚ 10 ਅਕਤੂਬਰ ਦਾ ਦਿਨ ਖੇਤ ਦਿਵਸ ਲਈ ਰਾਖਵਾਂ ਰੱਖਿਆ ਗਿਆ ਹੈ । ਇਹ ਖੇਤ ਦਿਵਸ ਲਾਢੋਵਾਲ ਵਿਖੇ ਬੀਸਾ ਫਾਰਮ ਤੇ ਹੋਵੇਗਾ । ਇਸ ਵਿੱਚ ਕਾਨਫਰੰਸ ਭਾਰਤੀ ਖੇਤੀ ਖੋਜ ਕੌਂਸਲ, ਅੰਤਰਰਾਸ਼ਟਰੀ ਮੱਕੀ ਅਤੇ ਕਣਕ ਵਿਕਾਸ ਕੇਂਦਰ ਦੇ ਨਾਲ-ਨਾਲ ਪਬਲਿਕ ਪ੍ਰਾਈਵੇਟ ਸੈਕਟਰ ਵੱਲੋਂ ਵਿਕਸਿਤ ਕੀਤੀਆਂ 100 ਤੋਂ ਵਧੇਰੇ ਮੱਕੀ ਦੀਆਂ ਸੁਧਰੀਆਂ ਕਿਸਮਾਂ ਅਤੇ ਇਸ ਖੇਤਰ ਦੀ ਢੁੱਕਵੀਂ ਮਸ਼ੀਨਰੀ ਅਤੇ ਸਿੰਚਾਈ ਤਕਨੀਕਾਂ ਦੇ ਨਾਲ-ਨਾਲ ਔਜ਼ਾਰਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ । ਉਸੇ ਦਿਨ 2018 ਵਿੱਚ ਮੱਕੀ ਦੇ ਖੇਤਰ ਵਿੱਚ ਏਸ਼ੀਆ ਦੇ ਨੌਜਵਾਨ ਖੋਜੀਆਂ ਨੂੰ ਐਵਾਰਡ ਪ੍ਰਦਾਨ ਕੀਤੇ ਜਾਣਗੇ । |