ਪੀਏਯੂ ਕਿਸਾਨ ਕਲੱਬ ਦੇ ਮਾਸਿਕ ਸਿਖਲਾਈ ਕੈਂਪ ਵਿੱਚ ਇਸ ਵਾਰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ 370 ਕਿਸਾਨ ਅਤੇ ਕਿਸਾਬ ਬੀਬੀਆਂ ਨੇ ਹਿੱਸਾ ਲਿਆ । ਇਹ ਕੈਂਪ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਗਤੀਸ਼ੀਲ ਅਗਵਾਈ ਵਿੱਚ ਲਗਾਇਆ ਗਿਆ ।
ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਸਿਖਲਾਈ ਕੈਂਪ ਦੇ ਕੁਆਰਡੀਨੇਟਰ ਡਾ. ਤਜਿੰਦਰ ਸਿੰਘ ਰਿਆੜ ਨੇ ਕਿਹਾ ਕਿ 'ਸਾਂਝੀ ਖੇਤੀ' ਅੱਜ ਦੇ ਸਮੇਂ ਦੀ ਲੋੜ ਹੈ ਅਤੇ ਇਸ ਨਾਲ ਉਤਪਾਦਨ ਉਪਰ ਲਾਗਤ ਖਰਚੇ ਘਟਾਏ ਜਾ ਸਕਦੇ ਹਨ । ਤੇਲ ਬੀਜ ਮਾਹਿਰ ਡਾ. ਐਸ ਕੇ ਸੰਧੂ ਨੇ ਤੇਲ ਬੀਜ ਕਿਸਮਾਂ ਦੀ ਖੇਤੀ ਸੰਬੰਧੀ ਕੁਝ ਨੁਕਤੇ ਹਾਜ਼ਰ ਕਿਸਾਨਾਂ ਨਾਲ ਸਾਂਝੇ ਕੀਤੇ । ਖੇਤ ਮਸ਼ੀਨਰੀ ਦੇ ਮਾਹਿਰ ਡਾ. ਮਹੇਸ਼ ਕੁਮਾਰ ਨਾਰੰਗ ਨੇ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਲਈ ਮਸ਼ੀਨਰੀ ਦੀ ਸਹੀ ਵਰਤੋਂ ਸੰਬੰਧੀ ਆਪਣਾ ਭਾਸ਼ਣ ਦਿੱਤਾ ।
ਪੀਏਯੂ ਦੇ ਵਿਗਿਆਨੀ ਡਾ. ਲਵੀਸ਼ ਗਰਗ ਨੇ ਬਿਜਲਈ ਮੀਡੀਆ ਦੇ ਮਾਧਿਅਮ ਰਾਹੀਂ ਖੇਤੀ ਸੰਬੰਧੀ ਗਿਆਨ ਕਿਸਾਨਾਂ ਤੱਕ ਪਹੁੰਚਾਉਣ ਦੀਆਂ ਵਿਧੀਆਂ ਉਪਰ ਰੋਸ਼ਨੀ ਪਾਈ । ਪੇਂਡੂ ਸੁਆਣੀਆਂ ਲਈ ਹੋਏ ਸੈਸ਼ਨ ਵਿੱਚ ਡਾ. ਰੂਮਾ ਕੁਮਾਰੀ, ਡਾ. ਕਿਰਨਜੀਤ ਕੌਰ ਢੱਟ ਅਤੇ ਡਾ. ਜੇ ਐਸ ਬਰਾੜ ਨੇ ਰਸੋਈ-ਬਗੀਚੀ ਦੀ ਮਹੱਤਤਾ ਦੇ ਨਾਲ-ਨਾਲ ਮੌਸਮੀ ਫੁੱਲਾਂ ਅਤੇ ਫ਼ਲਾਂ ਦੀ ਖੇਤੀ ਬਾਰੇ ਵੀ ਮੁੱਲਵਾਨ ਵਿਚਾਰ ਪੇਸ਼ ਕੀਤੇ ।
ਇਸ ਤੋਂ ਪਹਿਲਾਂ ਕਿਸਾਨ ਕਲੱਬ ਦੇ ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ ਗਰੇਵਾਲ ਨੇ ਕਿਸਾਨ ਬੀਬੀਆਂ ਅਤੇ ਕਿਸਾਨ ਵੀਰਾਂ ਦਾ ਸਵਾਗਤ ਕਰਦਿਆਂ ਉਤਸ਼ਾਤ ਪੂਰਨ ਹੁੰਗਾਰੇ ਪ੍ਰਤੀ ਤਸੱਲੀ ਪ੍ਰਗਟਾਈ । ਅਮਰਿੰਦਰ ਸਿੰਘ ਨੇ ਅੰਤ ਵਿੱਚ ਹਾਜ਼ਰ ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ । |